ਸਾਲ 2026 ‘ਚ ਪੂਰੇ ਦੇਸ਼ ‘ਚ ਗਰਮੀ ਨੇ ਵੱਟ ਕੱਢੇ ਪਏ ਹਨ। ਪੂਰੇ ਉਤਰੀ ਭਾਰਤ ਵਿਚ ਮੌਸਮ ਇਕਦਮ ਬਦਲ ਗਿਆ ਹੈ। ਮੌਸਮ ਵਿਭਾਗ ਨੇ ਆਉਂਦੇ ਦਿਨਾਂ ਬਾਰੇ ਵੱਡੀ ਭਵਿੱਖਬਾਣੀ ਕੀਤੀ ਹੈ। ਪੰਜਾਬ ਵਿੱਚ ਮੌਸਮ ਦੇ ਤੇਵਰ ਲਗਾਤਾਰ ਬਦਲ ਰਹੇ ਹਨ। ਇੱਕ ਪਾਸੇ ਜਿੱਥੇ ਪਾਰੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਮੌਸਮ ਵਿਭਾਗ ਨੇ ਸੂਬੇ ਦੇ ਕਈ ਹਿੱਸਿਆਂ ਵਿੱਚ ਅਚਾਨਕ ਤੇਜ਼ ਹਨੇਰੀ ਅਤੇ ਬਿਜਲੀ ਕੜਕਣ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਨੇ ਆਖਿਆ ਹੈ ਕਿ ਅਗਲੇ ਹਫਤੇ ਤੋਂ ਮੌਸਮ ਵਿਚ ਵੱਡਾ ਬਦਲਾਅ ਆਉਣ ਵਾਲਾ ਹੈ। ਸਰਕਾਰਾਂ ਵੱਲੋਂ ਆਪਣੇ ਆਪਣੇ ਸੂਬੇ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਗਰਮੀ ਨੂੰ ਵੇਖਦਿਆਂ ਕਈ ਸੂਬਿਆਂ ‘ਚ ਇਸ ਵਾਰ ਸਮੇਂ ਤੋਂ ਪਹਿਲਾਂ ਛੁੱਟੀਆਂ ਦਾ ਐਲਾਨ ਕਰਨ ਦਾ ਫੈਸਲਾ ਕੀਤਾ ਗਿਆ ਹੈ। ਕਈ ਸੂਬਿਆਂ ਨੇ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਸੂਤਰਾਂ ਮੁਤਾਬਿਕ ਪੰਜਾਬ ਸਰਕਾਰ ਵੀ ਇਸ ਸਬੰਧੀ ਕੋਈ ਫੈਸਲਾ ਲੈ ਸਕਦੀ ਹੈ। ਇਸ ਵਾਰ ਛੁੱਟੀਆਂ ‘ਚ ਵਾਧਾ ਕਰਨ ਦੀ ਵੀ ਸੰਭਾਵਨਾ ਹੈ। ਚੇਤੇ ਰਹੇ ਕਿ ਪਿਛਲੀ ਵਾਰ ਪੰਜਾਬ ਵਿਚ ਇਕਦਮ ਵਧੀ ਗਰਮੀ ਦੇ ਮੱਦੇਨਜ਼ਰ ਰਾਜ ਦੇ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ, ਮਾਨਤਾ ਪ੍ਰਾਪਤ ਅਤੇ ਨਿੱਜੀ ਸਕੂਲ 2 ਜੂਨ ਤੋਂ 30 ਜੂਨ, 2025 ਤੱਕ ਗਰਮੀਆਂ ਦੀਆਂ ਛੁੱਟੀਆਂ ਲਈ ਬੰਦ ਕਰ ਦਿੱਤੇ ਗਏ ਸਨ। ਹਾਲਾਂਕਿ ਇਸ ਤੋਂ ਪਿਛਲੇ ਵਰ੍ਹੇ ਇਹ ਛੁੱਟੀਆਂ ਮਈ ਮਹੀਨੇ ਹੋ ਗਈਆਂ ਸਨ। ਹੁਣ ਇਹੀ ਚਰਚਾ ਹੈ ਕਿ ਜੇਕਰ ਮੌਸਮ ਦੇ ਅਜਿਹੇ ਹੀ ਤੇਵਰ ਰਹੇ ਤਾਂ ਇਸ ਵਾਰ ਮਈ ਦੇ ਅਖੀਰ ਵਿਚ ਛੁੱਟੀਆਂ ਦਾ ਐਲਾਨ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਇਸ ਸਾਲ ਛੁੱਟੀਆਂ ਬਾਰੇ ਅਜੇ ਕੋਈ ਅਧਿਕਾਰਿਤ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ।




