ਲੁਧਿਆਣਾ ਵਿਜੀਲੈਂਸ ਬਿਊਰੋ ਰੇਂਜ ਨੇ ਮੰਗਲਵਾਰ ਨੂੰ ਵੱਡੀ ਕਾਰਵਾਈ ਕਰਦੇ ਹੋਏ ਥਾਣਾ ਡਵੀਜਨ ਨੰਬਰ 4 ਦੇ SHO ਇੰਸਪੈਕਟਰ ਗੁਰਜੀਤ ਸਿੰਘ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਦੋਸ਼ੀ ਇੰਸਪੈਕਟਰ ਨੇ ਇੱਕ ਮਹਿਲਾ ਦੇ ਪੁੱਤਰ ਦੀ ਸੋਨੇ ਦੀ ਮੁੰਦਰੀ ਤੇ ਚਾਂਦੀ ਦ ਬ੍ਰੇਸਲੇਟ ਵਾਪਸ ਕਰਨ ਦੇ ਬਦਲੇ ਰਿਸ਼ਵਤ ਮੰਗੀ ਸੀ।
ਜਾਣਕਾਰੀ ਦਿੰਦਿਆਂ SSP ਵਿਜੀਲੈਂਸ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸ਼ਿਕਾਇਤਕਰਤਾ ਵੀਨੂ ਪਤਨੀ ਸ਼ਾਮ ਲਾਲ ਨਿਵਾਸੀ ਨੂਰਵਾਲਾ ਰੋਡ ਦੀ ਪਤਨੀ ਹੈ, ਨੇ ਵਿਜੀਲੈਂਸ ਨੂੰ ਦੱਸਿਆ ਕਿ ਉਸ ਦੇ ਪੁੱਤਰ ਸ਼ੁਭਮ ਨੂੰ 17 ਅਪ੍ਰੈਲ ਨੂੰ ਇੱਕ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਜਦੋਂ ਵੀਨੂ ਆਪਣੇ ਪੁੱਤਰ ਨੂੰ ਪੁਲਿਸ ਸਟੇਸ਼ਨ ਵਿੱਚ ਮਿਲੀ, ਤਾਂ ਸ਼ੁਭਮ ਨੇ ਉਸ ਨੂੰ ਦੱਸਿਆ ਕਿ ਪੁਲਿਸ ਨੇ ਉਸ ਦੀ ਸੋਨੇ ਦੀ ਮੁੰਦਰੀ ਅਤੇ ਚਾਂਦੀ ਦਾ ਬਰੇਸਲੇਟ ਆਪਣੇ ਕੋਲ ਰੱਖ ਲਿਆ ਹੈ ਅਤੇ ਉਸ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ।
ਵੀਨੂ ਨੇ ਦੋਸ਼ ਲਗਾਇਆ ਕਿ ਜਦੋਂ ਉਸ ਨੇ SHO ਗੁਰਜੀਤ ਸਿੰਘ ਨੂੰ ਚੀਜ਼ਾਂ ਵਾਪਸ ਕਰਨ ਲਈ ਕਿਹਾ ਤਾਂ ਉਸ ਨੇ 35,000 ਰੁਪਏ ਮੰਗੇ। 20 ਅਪ੍ਰੈਲ ਦੀ ਸ਼ਾਮ ਨੂੰ ਜਦੋਂ ਸ਼ਿਕਾਇਤਕਰਤਾ ਆਪਣੇ ਪਤੀ ਨਾਲ ਐਸਐਚਓ ਨੂੰ ਮਿਲੀ ਅਤੇ 10,000 ਰੁਪਏ ਦੀ ਪੇਸ਼ਕਸ਼ ਕੀਤੀ ਤਾਂ ਇੰਸਪੈਕਟਰ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ। ਉਸਨੇ ਸਾਫ਼-ਸਾਫ਼ ਕਿਹਾ ਕਿ ਪਹਿਲਾਂ ਹੀ 35,000 ਰੁਪਏ ਦੀ ਗੱਲ ਹੋਈ ਸੀ, ਪੈਸੇ ਲਿਆਓ ਅਤੇ ਆਪਣਾ ਸਮਾਨ ਲੈ ਜਾਓ।
ਮਹਿਲਾ ਨੇ ਇੰਸਪੈਕਟਰ ਨਾਲ ਇਸ ਗੱਲਬਾਤ ਨੂੰ ਆਪਣੇ ਮੋਬਾਈਲ ਫੋਨ ‘ਤੇ ਰਿਕਾਰਡ ਕੀਤਾ ਅਤੇ ਇਸ ਦੀ ਰਿਪੋਰਟ ਵਿਜੀਲੈਂਸ ਬਿਊਰੋ ਨੂੰ ਦਿੱਤੀ। ਸ਼ਿਕਾਇਤ ਦੇ ਆਧਾਰ ‘ਤੇ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ। ਮੰਗਲਵਾਰ ਨੂੰ, ਜਿਵੇਂ ਹੀ ਇੰਸਪੈਕਟਰ ਗੁਰਜੀਤ ਸਿੰਘ ਨੇ ਸ਼ਿਕਾਇਤਕਰਤਾ ਤੋਂ 30,000 ਰੁਪਏ ਦੀ ਰਿਸ਼ਵਤ ਲਈ ਵਿਜੀਲੈਂਸ ਟੀਮ ਨੇ ਉਸ ਨੂੰ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਰੰਗੇ ਹੱਥੀਂ ਫੜ ਲਿਆ।




