ਵਿਸਾਖੀ ਮਨਾਉਣ ਲਈ ਦੇਸ਼ ਤੋ ਲਗਭਗ 2840 ਸਿੱਖ ਸ਼ਰਧਾਲੂਆਂ ਦਾ ਜਥਾ ਅਟਾਰੀ-ਵਾਹਗਾ ਸਰਹੱਦ ਦੇ ਰਸਤੇ ਪਾਕਿਸਤਾਨ ਲਈ ਰਵਾਨਾ ਹੋਇਆ। ਇਹ ਸ਼ਰਧਾਲੂ ਵਿਸਾਖੀ ਮਨਾਉਣ ਦੇ ਨਾਲ ਪਾਕਿਸਤਾਨ ਸਥਿਤ ਪਵਿੱਤਰ ਗੁਰਧਾਮਾਂ ਦੇ ਦਰਸ਼ਨ ਕਰਨਗੇ। ਉਨ੍ਹਾਂ ਨੂੰ 10 ਦਿਨਾਂ ਦਾ ਵੀਜ਼ਾ ਦਿੱਤਾ ਗਿਾ ਹੈ।
ਇਸ ਮੌਕੇ ‘ਤੇ SGPC ਵੱਲੋਂ 1763 ਸ਼ਰਧਾਲੂਆਂ ਦਾ ਜਥਾ ਭੇਜਿਆ ਗਿਆ। ਜਥੇ ਦੀ ਅਗਵਾਈ ਐੱਸਜੀਪੀਸੀ ਮੈਂਬਰ ਸੁਰਜੀਤ ਸਿੰਘ ਤੁਗਲਵਾਲ ਨੇ ਕੀਤੀ। SGPC ਨੇ 1795 ਵੀਜ਼ਾ ਅਰਜ਼ੀਆਂ ਭੇਜੀਆਂ ਸਨ ਜਿਨ੍ਹਾਂ ਵਿਚੋਂ 1763 ਨੂੰ ਵੀਜ਼ਾ ਜਾਰੀ ਕੀਤਾ ਗਿਆ ਜਦੋਂ ਕਿ 32 ਸ਼ਰਧਾਲੂਆਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ। ਇਹ ਜਥਾ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਮਗਰੋਂ 19 ਅਪ੍ਰੈਲ ਨੂੰ ਭਾਰਤ ਪਰਤੇਗਾ।
ਖਾਲਸਾ ਸਿਰਜਣਾ ਦਿਵਸ (ਵਿਸਾਖੀ) ‘ਤੇ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਲਈ ਵੱਖ-ਵੱਖ ਕਮੇਟੀਆਂ ਦੇ ਸ਼ਰਧਾਲੂ ਗਏ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ 409, ਹਰਿਆਣਾ ਕਮੇਟੀ ਤੋਂ 255 ਤੇ ਐੱਸਜੀਪੀਸੀ ਤੋ 1763 ਸ਼ਰਧਾਲੂਆਂ ਨੂੰ ਵੀਜ਼ਾ ਮਿਲਿਆ ਹੈ ਤੇ ਕੁੱਲ 2840 ਸ਼ਰਧਾਲੂ ਪਾਕਿਸਤਾਨ ਜਾ ਰਹੇ ਹਨ।
ਸ਼ਰਧਾਲੂਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਵਧ ਤੋਂ ਵੱਧ ਲੋਕਾਂ ਨੂੰ ਵੀਜ਼ਾ ਜਾਰੀ ਕੀਤਾ ਜਾਵੇ ਤੇ ਕਰਤਾਰਪੁਰ ਸਾਹਿਬ ਦਾ ਰਸਤਾ ਖੋਲ੍ਹਿਆ ਜਾਵੇ। ਉਨ੍ਹਾਂ ਨੇ ਪਾਕਿਸਤਾਨ ਵੱਲੋਂ ਲਗਾਏ ਗਏ 20 ਡਾਲਰ ਦੀ ਫੀਸ ਨੂੰ ਖਤਮ ਕਰਨ ਦੀ ਵੀ ਮੰਗ ਕੀਤੀ।




