ਲੁਧਿਆਣਾ ਵਿੱਚ ਕਾਨੂੰਨ ਅਤੇ ਨਿਯਮਾਂ ਨੂੰ ਪ੍ਰਵਾਹ ਕੀਤੇ ਬਿਨ੍ਹਾਂ ਲੋਕਾਂ ਵੱਲੋਂ ਜਨਤਕ ਸੜਕਾਂ ਨੂੰ ‘ਨਿੱਜੀ ਜਾਗੀਰ’ ਬਣਾਉਣ ਦਾ ਸਿਲਸਿਲਾ ਤੇਜ਼ ਹੁੰਦਾ ਜਾ ਰਿਹਾ ਹੈ। ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਪੌਸ਼ ਇਲਾਕਿਆਂ ਵਿੱਚ ਨਗਰ ਨਿਗਮ ਦੀ ਕਥਿਤ ਮਿਲੀਭੁਗਤ ਨਾਲ ਗੈਰ-ਕਾਨੂੰਨੀ ਤੌਰ ‘ਤੇ ਪੱਕੇ ਗੇਟ ਲਗਾ ਕੇ ਆਮ ਜਨਤਾ ਦੇ ਮੌਲਿਕ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ।
ਨਿਯਮਾਂ ਅਨੁਸਾਰ, MCL ਕਮਿਸ਼ਨਰ ਅਤੇ ਡਿਵੀਜ਼ਨਲ ਕਮਿਸ਼ਨਰ ਦੇ ਸਪੱਸ਼ਟ ਆਦੇਸ਼ ਹਨ ਕਿ ਗਲੀਆਂ ਵਿੱਚ ਲੱਗੇ ਗੇਟ ਸਿਰਫ਼ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਹੀ ਸੁਰੱਖਿਆ ਦੇ ਮਕਸਦ ਲਈ ਬੰਦ ਕੀਤੇ ਜਾ ਸਕਦੇ ਹਨ, ਬਸ਼ਰਤੇ ਉੱਥੇ 24 ਘੰਟੇ ਸੁਰੱਖਿਆ ਗਾਰਡ ਤਾਇਨਾਤ ਹੋਵੇ। ਪਰ ਹਕੀਕਤ ਇਹ ਹੈ ਕਿ ਜ਼ਿਆਦਾਤਰ ਇਲਾਕਿਆਂ ਵਿੱਚ ਗੇਟ 24 ਘੰਟੇ ਬੰਦ ਰਹਿੰਦੇ ਹਨ ਅਤੇ ਕਿਸੇ ਵੀ ਗੇਟ ‘ਤੇ ਕੋਈ ਸੁਰੱਖਿਆ ਕਰਮਚਾਰੀ ਮੌਜੂਦ ਨਹੀਂ ਹੁੰਦਾ।
ਮਾਡਲ ਟਾਊਨ ਦੀ ਮੇਨ ਮਾਰਕੀਟ ਦੇ ਬਿਲਕੁਲ ਨੇੜੇ ਗਲੀ ‘ਤੇ ਹੀ ਗੇਟ ਲਗਾ ਕੇ ਰਸਤਾ ਪੱਕੇ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਨੇੜੇ ਸਕੂਲ, ਕਾਲਜ ਅਤੇ ਹਸਪਤਾਲ ਹੋਣ ਕਾਰਨ ਬੱਚਿਆਂ ਅਤੇ ਮਰੀਜ਼ਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਈ-ਬਲਾਕ ਦੇ ਦੋ ਗੇਟ ਪੱਕੇ ਤੌਰ ‘ਤੇ ਬੰਦ ਕਰਕੇ ਜਨਤਕ ਗਲੀ ਨੂੰ ‘ਪ੍ਰਾਈਵੇਟ ਪਾਰਕਿੰਗ’ ਵਜੋਂ ਵਰਤਿਆ ਜਾ ਰਿਹਾ ਹੈ।
ਰਾਜਗੁਰੂ ਨਗਰ, ਉਧਮ ਸਿੰਘ ਨਗਰ, ਹੈਬੋਵਾਲ, ਸਿਵਲ ਲਾਈਨਜ਼ ਅਤੇ ਮਾਡਲ ਟਾਊਨ ਐਕਸਟੈਂਸ਼ਨ ਵਿੱਚ ਵੀ ਇਹੀ ਆਲਮ ਹੈ, ਜਿੱਥੇ ਲੋਕ ਨਿਯਮਾਂ ਦੀ ਪ੍ਰਵਾਹ ਕੀਤੇ ਬਿਨਾਂ ਗੇਟ ਲਗਾ ਰਹੇ ਹਨ।




