ਕਿਸਾਨ ਮੇਲੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਪਹੁੰਚੇ। ਲੁਧਿਆਣਾ ਦੇ ਪੀਯੂ ਵਿਚ ਕਿਸਾਨ ਤੇ ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸਿਜ਼ ਯੂਨੀਵਰਸਿਟੀ ਵਿਚ ਪਸ਼ੂ ਮੇਲੇ ਦਾ ਆਗਾਜ਼ ਹੋ ਗਿਆ। ਮੇਲਿਆਂ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੀਤਾ।
ਇਸ ਮੌਕੇ CM ਮਾਨ ਨੇ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਜੋ ਖੇਤੀ ਨੂੰ ਏਆਈ ਨਾਲ ਜੋੜੇਗਾ। ਉਨ੍ਹਾਂ ਕਿਹਾ ਕਿ ਆਧੁਨਿਕ ਖੇਤੀ ਕਰਨ ਲਈ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਖੇਤੀ ਨੂੰ ਲੈ ਕੇ ਗੰਭੀਰਤਾ ਤੋਂ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਨੀਅਤ ਸਾਫ਼ ਹੋਵੇ ਤਾਂ ਸਭ ਕੁੱਝ ਹੋ ਸਕਦਾ ਹੈ। ਬਿਜਲੀ ਸਪਲਾਈ ਦਾ ਹੁਣ ਵੀ ਉਹੀ ਬੁਨਿਆਦੀ ਢਾਂਚਾ ਹੈ ਪਰ ਅਸੀਂ ਕਿਸਾਨਾਂ ਨੂੰ ਦਿਨ ‘ਚ ਬਿਜਲੀ ਦੇ ਕੇ ਉਨ੍ਹਾਂ ਨੂੰ ਖੇਤਾਂ ਦੇ ਅਫ਼ਸਰ ਬਣਾ ਦਿੱਤਾ ਹੈ ਤੇ ਫਸਲਾਂ ਨੂੰ ਭਾਖੜਾ ਨਹਿਰ ਜਿੰਨਾਂ ਪਾਣੀ ਦਿੱਤਾ ਜਾ ਰਿਹਾ ਹੈ।
CM ਮਾਨ ਨੇ P.A.U. ਨੂੰ ਤਜਰਬਾ ਕਰਨ ਤੋਂ ਬਾਅਦ ਕਿਸਾਨਾਂ ਨੂੰ ਬੀਜ ਆਦਿ ਸਿਫ਼ਾਰਸ਼ ਕਰਨ ਦਾ ਸੱਦਾ ਦਿੱਤਾ ਤੇ ਨਾਲ ਹੀ ਬਦਲਦੇ ਜ਼ਮਾਨੇ ਦੇ ਮੁਤਾਬਿਕ ਖੇਤੀਬਾੜੀ ਤੇ ਤਕਨੀਕ ਦੇ ਸੁਮੇਲ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਨਰਮੇ ਦਾ ਕੀੜਾ ਲੱਗਾ ਤੇ ਉਹ ਯੂਨੀਵਰਸਿਟੀ ਵਿਚ ਆਏ ਤੇ ਇਥੇ ਦੇ ਵਿਗਿਆਨਕਾਂ ਨੇ ਕਿਹਾ ਕਿ ਸਾਡੇ ਨਰਮੇ ਨੂੰ ਵੀ ਲੱਗ ਕਿਹਾ। ਮਾਨ ਨੇ ਸਾਫ ਕਿਹਾ ਕਿ ਅਜਿਹਾ ਨਹੀਂ ਚੱਲੇਗਾ। ਤੁਹਾਡੀ ਜੋ ਜ਼ਿੰਮੇਵਾਰੀ ਹੈ, ਉਸ ਨੂੰ ਨਿਭਾਓ। ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢੋ।
ਉਨ੍ਹਾਂ ਕਿਹਾ ਕਿ ਖੇਤੀ ਮਜਬੂਰੀ ਦਾ ਧੰਦਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਇਥੇ ਸਿੱਖਣ ਲਈ ਆਏ ਹਨ, ਉਨ੍ਹਾਂ ਵਿਚ ਹੁਣ ਵੀ ਖੇਤੀ ਨੂੰ ਬਚਾਉਣ ਦੀ ਲਲਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਖੇਤੀ ਨੂੰ ਲੈ ਕੇ ਗੰਭੀਰ ਹੈ। ਕਿਸਾਨਾਂ ਤੇ ਯੂਨੀਵਰਸਿਟੀਆਂ ਨੂੰ ਅੱਗੇ ਵਧਾਉਣਗੇ। ਉਨ੍ਹਾਂ ਕਿਹਾ ਕਿ ਜਾਪਾਨ ਦੀ ਜਾਇਕਾ ਕੰਪਨੀ ਦੇ ਸਹਿਯੋਗ ਨਾਲ ਹੋਲਟੀਕਲਚਰ ਦਾ ਏਰੀਆ 6 ਫੀਸਦੀ ਤੋਂ 15 ਫੀਸਦੀ ਤੱਕ ਵਧਾਇਆ ਜਾਵੇਗਾ।




