ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੇ ਬਿਆਨਾਂ ‘ਤੇ ਮਾਨਸਾ ਪੁਲਿਸ ਨੇ ਕੰਪਨੀ ਸਮੇਤ ਤਿੰਨ ਖਿਲਾਫ ਕੇਸ ਦਰਜ ਕੀਤਾ ਹੈ। ਮਾਨਸਾ ਪੁਲਿਸ ਵੱਲੋਂ ਇਹ ਕਾਰਵਾਈ ਧੋਖਾਦੇਹੀ ਦੇ ਦੋਸ਼ਾਂ ਨੂੰ ਲੈ ਕੇ ਕੀਤੀ ਗਈ ਹੈ।
ਦੱਸ ਦਈਏ ਕਿ 11 ਫਰਵਰੀ ਨੂੰ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਮਾਨਸਾ ‘ਚ SSP ਦਫਤਰ ਦੇ ਬਾਹਰ ਬੈਠ ਕੇ ਧਰਨਾ ਦਿੱਤਾ ਸੀ। ਸਿੱਧੂ ਦੇ ਮਾਪਿਆਂ ਨੇ ਦੋਸ਼ ਲਗਾਇਆ ਸੀ ਕਿ ਕੰਪਨੀ ਉਨ੍ਹਾਂ ਨਾਲ ਧੋਖਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਕੰਪਨੀ ਦੇ ਮਾਲਕ ਉਨ੍ਹਾਂ ਦੇ ਮਰਹੂਮ ਪੁੱਤ ਸਿੱਧੂ ਮੂਸੇਵਾਲਾ ਦੀ ਕਮਾਈ ਖਾ ਰਹੇ ਹਨ ਅਤੇ ਉਨ੍ਹਾਂ ਨੂੰ ਉਸ ਦਾ ਹਿਸਾਬ ਨਹੀਂ ਦਿੱਤਾ ਜਾ ਰਿਹਾ । ਇਸ ਦੌਰਾਨ ਉਨ੍ਹਾਂ ਨੇ 30 ਕਰੋੜ ਰੁਪਏ ਦੀ ਹੇਰਾਫੇਰੀ ਦਾ ਦੋਸ਼ ਲਗਾਇਆ। ਇਸ ਦੌਰਾਨ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਪੁਲਿਸ ‘ਤੇ ਵੀ ਕਈ ਤਰ੍ਹਾਂ ਦੇ ਸਵਾਲ ਚੁੱਕੇ ਸਨ।
ਜਿਸ ਤੋਂ ਬਾਅਦ ਮਾਨਸਾ ਪੁਲਿਸ ਨੇ ਕਾਰਵਾਈ ਕੀਤੀ ਹੈ। ਮਾਨਸਾ ਦੇ ਥਾਣਾ ਸਦਰ ਪੁਲਿਸ ਨੇ ਚਰਨ ਕੌਰ ਦੇ ਬਿਆਨਾਂ ‘ਤੇ ਇਕ ਕੰਪਨੀ ਨਾਲ ਗੁਰਪ੍ਰੀਤ ਸਿੰਘ ਤੇ ਸ਼ਬੀਰ ਮੋਮਿਨ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿਤਾ ਬਲੌਕਰ ਸਿੰਘ ਨੇ ਕਿਹਾ ਕਿ ਸੀ ਉਹ ਕੰਪਨੀ ਤੇ ਉਸ ਦੇ ਮੈਨੇਜਰ ਬੰਟੀ ਬੈਂਸ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ।
ਧਰਨੇ ਦੌਰਾਨ ਬਠਿੰਡਾ ਰੇਂਜ ਦੇ ਡੀਆਈਜੀ ਹਰਜੀਤ ਸਿੰਘ ਨੇ ਮੂਸੇਵਾਲਾ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਸੀ। ਡੀਆਈਜੀ ਨੇ 2 ਦਿਨਾਂ ਅੰਦਰ ਸ਼ਿਕਾਇਤਾਂ ‘ਤੇ ਕਾਰਵਾਈ ਦਾ ਭਰੋਸਾ ਵੀ ਦਿੱਤਾ ਸੀ। ਦੂਜੇ ਪਾਸੇ ਬੰਟੀ ਬੈਂਸ ਨੇ ਇਸ ਬਾਰੇ ਕਿਹਾ ਸੀ ਕਿ ਮੈਨੂੰ ਪੈਸਿਆਂ ਦੇ ਹਿਸਾਬ-ਕਿਤਾਬ ਬਾਰੇ ਕੁਝ ਵੀ ਨਹੀਂ ਪਤਾ ਪਰ ਮੈਂ ਮੂਸੇਵਾਲਾ ਦੇ ਮਾਪਿਆਂ ਦੇ ਨਾਲ ਖੜ੍ਹਾ ਹਾਂ ਤੇ ਜਦੋਂ ਮੇਰੀ ਲੋੜ ਹੋਵੋਗੀ ਮੈਂ ਹਾਜ਼ਰ ਹੋ ਜਾਵਾਂਗਾ।




