ਮੋਗਾ ਜ਼ਿਲ੍ਹੇ ਦੇ ਪਿੰਡ ਕਿੱਲੀ ਚਾਹਲਾਂ ਵਿਖੇ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਕ ਵੱਡਾ ਸੜਕ ਹਾਦਸਾ ਵਾਪਰ ਗਿਆ ਹੈ। ਰੈਲੀ ਦੀ ਸੁਰੱਖਿਆ ਲਈ ਲਾਏ ਗਏ ਨਾਕੇ ‘ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨੂੰ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ 4 ਪੁਲਿਸ ਮੁਲਾਜ਼ਮ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ।
ਮਿਲੀ ਜਾਣਕਾਰੀ ਮੁਤਾਬਿਕ ਰੈਲੀ ਵਾਲੀ ਜਗ੍ਹਾ ਦੇ ਨਜ਼ਦੀਕ ਸੁਰੱਖਿਆ ਵਜੋਂ ਪੁਲਿਸ ਨੇ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਬੇਕਾਬੂ ਹੋ ਕੇ ਨਾਕੇ ‘ਤੇ ਖੜ੍ਹੇ ਮੁਲਾਜ਼ਮਾਂ ਵਿੱਚ ਜਾ ਵੱਜੀ। ਆਲਮ ਇਹ ਸੀ ਕਿ ਬੱਸ ਦੇ ਪਿੱਛੇ ਆ ਰਹੀਆਂ ਹੋਰ ਕਈ ਗੱਡੀਆਂ ਵੀ ਲਗਾਤਾਰ ਇੱਕ-ਦੂਜੇ ਵਿੱਚ ਜਾ ਵੱਜੀਆਂ, ਜਿਸ ਕਾਰਨ ਕਈ ਵਾਹਨ ਨੁਕਸਾਨੇ ਗਏ।




