ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 26 ਦਸੰਬਰ, 2025 ਯਾਨੀ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਵੀਰ ਬਾਲ ਦਿਵਸ ਮਨਾਉਣ ਲਈ ਰਾਸ਼ਟਰੀ ਸਮਾਗਮ ਵਿੱਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਦੁਪਹਿਰ ਲਗਭਗ 12:15 ਵਜੇ ਇਸ ਸਮਾਗਮ ਨੂੰ ਸੰਬੋਧਨ ਕਰਨਗੇ।
ਵੀਰ ਬਾਲ ਦਿਵਸ ਮਨਾਉਣ ਲਈ, ਕੇਂਦਰ ਸਰਕਾਰ ਦੇਸ਼ ਭਰ ਵਿੱਚ ਕਈ ਸਮਾਗਮਾਂ ਦਾ ਆਯੋਜਨ ਕਰ ਰਹੀ ਹੈ। ਇਸਦਾ ਉਦੇਸ਼ ਲੋਕਾਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਅਸਾਧਾਰਨ ਹਿੰਮਤ ਅਤੇ ਸਰਵਉੱਚ ਕੁਰਬਾਨੀ ਬਾਰੇ ਸਿੱਖਿਅਤ ਕਰਨਾ ਅਤੇ ਭਾਰਤੀ ਇਤਿਹਾਸ ਦੇ ਨੌਜਵਾਨ ਨਾਇਕਾਂ ਦੀ ਅਦੁੱਤੀ ਹਿੰਮਤ, ਕੁਰਬਾਨੀ ਅਤੇ ਬਹਾਦਰੀ ਦਾ ਸਨਮਾਨ ਕਰਨਾ ਅਤੇ ਯਾਦ ਰੱਖਣਾ ਹੈ। ਇਨ੍ਹਾਂ ਗਤੀਵਿਧੀਆਂ ਵਿੱਚ ਕਹਾਣੀ ਸੁਣਾਉਣਾ, ਕਵਿਤਾ ਪਾਠ, ਪੋਸਟਰ ਬਣਾਉਣਾ ਅਤੇ ਨਾਇਕਾਂ ਬਾਰੇ ਲੇਖ ਲਿਖਣ ਮੁਕਾਬਲੇ ਸ਼ਾਮਲ ਹੋਣਗੇ। ਇਹ ਸਮਾਗਮ ਸਕੂਲਾਂ, ਬਾਲ ਸੰਭਾਲ ਸੰਸਥਾਵਾਂ, ਆਂਗਣਵਾੜੀ ਕੇਂਦਰਾਂ ਅਤੇ ਹੋਰ ਵਿਦਿਅਕ ਸੰਸਥਾਵਾਂ ਦੇ ਨਾਲ-ਨਾਲ MyGov ਅਤੇ MyBharat ਪੋਰਟਲਾਂ ਰਾਹੀਂ ਔਨਲਾਈਨ ਆਯੋਜਿਤ ਕੀਤੇ ਜਾਣਗੇ।
ਦੱਸ ਦਈਏ ਕਿ 9 ਜਨਵਰੀ 2022 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ, ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕਿ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਇਆ ਜਾਵੇਗਾ ਤਾਂ ਜੋ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਕੀਤਾ ਜਾ ਸਕੇ, ਜਿਨ੍ਹਾਂ ਦੀ ਬੇਮਿਸਾਲ ਕੁਰਬਾਨੀ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹਿੰਦੀ ਹੈ। ਇਸ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਜੇਤੂ ਵੀ ਮੌਜੂਦ ਰਹਿਣਗੇ।




