ਸ਼ਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੀ ਯਾਦ ਵਿੱਚ ਬਾਬਾ ਬਕਾਲਾ ਸਾਹਿਬ ਵਿਖੇ ਪੰਜਾਬ ਸਰਕਾਰ ਵੱਲੋਂ ਆਯੋਜਿਤ ਰਾਜ ਪੱਧਰੀ ਸਮਾਗਮ ਵਿੱਚ ਪੰਜਾਬ ਸਰਕਾਰ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਹਰਭਜਨ ਸਿੰਘ ਈਟੀਓ, ਕੈਬਨਿਟ ਮੰਤਰੀ ਪੰਜਾਬ ਨੇ ਐਲਾਨ ਕੀਤਾ ਕਿ ਬਾਬਾ ਬਕਾਲਾ ਸਾਹਿਬ ਵਿਖੇ ਸਰਕਾਰੀ ਆਈਟੀਆਈ ਦਾ ਨਾਮ ਭਾਈ ਜੈਤਾ ਜੀ ਦੇ ਨਾਮ ‘ਤੇ ਰੱਖਿਆ ਜਾਵੇਗਾ।
ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਈਟੀਓ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਸ੍ਰੀ ਆਨੰਦਪੁਰ ਸਾਹਿਬ ਵਿਖੇ ਭਾਈ ਜੈਤਾ ਜੀ ਦੇ ਸਮਾਰਕ ‘ਤੇ ਵਿਧਾਨ ਸਭਾ ਦਾ ਸੈਸ਼ਨ ਆਯੋਜਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਮਾਨ ਸਰਕਾਰ ਨੇ ₹21 ਕਰੋੜ ਦੀ ਲਾਗਤ ਨਾਲ ਭਾਈ ਜੈਤਾ ਜੀ ਦੀ ਯਾਦਗਾਰ ਬਣਾਈ ਹੈ।
ਉਨ੍ਹਾਂ ਕਿਹਾ ਕਿ ਭਾਈ ਜੈਤਾ ਜੀ ਇਕਲੌਤੇ ਸਿੱਖ ਸਨ ਜਿਨ੍ਹਾਂ ਨੂੰ ਦੋ ਗੁਰੂਆਂ ਨੇ ਦੋ ਨਾਮ ਦਿੱਤੇ: ਪਹਿਲਾ, ਗੁਰੂ ਤੇਗ ਬਹਾਦਰ ਜੀ ਨੇ ਭਾਈ ਜੈਤਾ, ਅਤੇ ਦੂਜਾ, ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੀਵਨ ਸਿੰਘ ਨੂੰ ਅੰਮ੍ਰਿਤ ਛਕਾਇਆ ਸੀ। ਈ.ਟੀ.ਓ ਨੇ ਭਾਈ ਜੈਤਾ ਜੀ ਦੇ ਜੀਵਨ ‘ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਸੰਨ 1675 ਈ: ਨੂੰ ਜਦੋਂ ਭਾਈ ਜੈਤਾ ਜੀ ਗੁਰੂ ਸਾਹਿਬ ਜੀ ਦਾ ਸੀਸ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਪੁੱਜੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਜੈਤਾ ਜੀ ਨੂੰ ਗਲੇ ਲਗਾ ਕੇ ‘ਰੰਗਰੇਟਾ ਗੁਰੂ ਕਾ’ ਦਾ ਖਿਤਾਬ ਦਿੱਤਾ।




