8 ਪੋਹ ਦਾ ਦਿਨ ਸਿੱਖ ਇਤਿਹਾਸ ਵਿਚ ਬਹੁਤ ਅਹਿਮੀਅਤ ਰੱਖਦਾ ਹੈ, ਇਸ ਦਿਨ ਚਮਕੌਰ ਦੀ ਗੜ੍ਹੀ ਦੀ ਜੰਗ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਅਤੇ ਹੋਰ ਕਈ ਸਿੱਖ ਯੋਧੇ ਸ਼ਹੀਦ ਹੋ ਗਏ। ਮੈਂ ਇਨ੍ਹਾਂ ਸਾਰੀਆਂ ਦੀ ਸ਼ਹਾਦਤ ਨੂੰ ਕੋਟਾਨਿ ਕੋਟਿ ਪ੍ਰਣਾਮ ਕਰਦਾ ਹਾਂ। ਉਥੇ ਦੂਜੇ ਪਾਸੇ ਗੰਗੂ’ ਰਸੋਇਆ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਪਿੰਡ ਖੇੜੀ ਲੈ ਆਇਆ ਪਰ ਉਸਦਾ ਦਿਲ ਬੇਈਮਾਨ ਹੋ ਗਿਆ ਅਤੇ ਉਸਨੇ ਮੋਰਿੰਡ ਦੇ ਚੌਧਰੀ ਗਨੀ ਖਾਨ ਅਤੇ ਮਨੀ ਖਾਨ ਕੋਲੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ।
ਗੁਰੂ ਗੋਬਿੰਦ ਸਿੰਘ ਜੀ ਦੇ ਸੰਘਰਸ਼ ਮਈ ਜੀਵਨ ਚ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਗੁਰੂ ਸਾਹਿਬ ਜੀ ਨੂੰ ਆਨੰਦਪੁਰ ਦਾ ਕਿਲਾ ਖਾਲੀ ਕਰਨਾ ਪਿਆ। ਇਸ ਦਾ ਮੁੱਖ ਕਾਰਨ ਸੀ ਪਹਾੜੀ ਰਾਜਿਆਂ ਦੀ ਬੇਈਮਾਨੀ। ਪਹਾੜੀ ਰਾਜੇ ਇੱਕ ਪਾਸੇ ਤਾਂ ਗੁਰੂ ਜੀ ਨਾਲ ਸੁਲਾ-ਸਫਾਈ ਦੀਆਂ ਗੱਲਾਂ ਕਰਦੇ ਸਨ, ਦੂਜੇ ਪਾਸੇ ਉਹ ਗੁਰੂ ਜੀ ਦੀ ਵੱਧਦੀ ਸ਼ਕਤੀ ਤੋਂ ਭੈ-ਭੀਤ ਸਨ। ਮੈਦਾਨੇ ਜੰਗਚ ਗੁਰੂ ਜੀ ਦਾ ਸਾਹਮਣਾ ਕਰਨਾ ਉਨ੍ਹਾਂ ਦੇ ਵੱਸ `ਚ ਨਹੀਂ ਸੀ ਇਸ ਲਈ ਪਹਾੜੀ ਰਾਜਿਆਂ ਨੇ ਸਰਹਿੰਦ ਦੇ ਨਵਾਬ ਨਾਲ ਇਹ ਸੋਚ ਕੇ ਸੰਪਰਕ ਕੀਤਾ ਸ਼ਾਹੀ ਫੌਜ ਨੂੰ ਅੱਗੇ ਕੀਤਾ ਜਾਵੇ। ਬੇਈਮਾਨ ਰਾਜਿਆਂ ਨੇ ਰਾਜਨੀਤਕ ਚਾਲ ਚਲਦਿਆਂ ਇਕ ਪੱਤਰ ਲਿਖ ਕੇ ਨਵਾਬ ਨੂੰ ਬੇਨਤੀ ਕੀਤੀ ਕਿ ਗੁਰੂ ਜੀ ਮੁਗਲ ਸਰਕਾਰ, ਤੁਹਾਡੇ ਅਤੇ ਸਾਡੇ ਲਈ ਬਹੁਤ ਵੱਡਾ ਖ਼ਤਰਾ ਬਣਾ ਰਹੇ ਹਨ। ਜਿਸ ਦਾ ਮੁਕਾਬਲਾ ਸਾਨੂੰ ਇਕੱਠੇ ਹੋ ਕੇ ਕਰਨਾ ਚਾਹੀਦਾ ਹੈ। ਪਹਾੜੀ ਰਾਜਿਆਂ ਨੇ ਮੁਗਲਾਂ ਨਾਲ ਗੱਠਜੋੜ ਕਰਕੇ ਸਿੱਖ ਫੌਜਾਂ ਤੇ ਹਮਲਾ ਕਰ ਦਿੱਤਾ। ਜਦੋਂ ਸਿੰਘਾਂ ਨੇ ਲੋਹੇ ਦੇ ਚਣੇ ਚਬਾਏ ਤਾਂ ਉਨ੍ਹਾਂ ਨੇ ਇਕ ਹੋਰ ਚਾਲ ਚਲੀ। ਜਿਥੇ ਝੂਠੀਆਂ ਸਹੁੰਆਂ ਨਾਲ ਬੇਨਤੀਆਂ ਕਰ ਦਿਆ ਇਕ ਪੱਤਰ ਪਹਾੜੀ ਰਾਜਿਆਂ ਨੇ ਲਿਖਿਆ ਉਥੇ ਹੀ ਇਕ ਪੱਤਰ ਮੁਗਲ ਬਾਦਸ਼ਾਹ ਵੱਲੋਂ ਵੀ ਗੁਰੂ ਜੀ ਨੂੰ ਭੇਜਿਆ ਗਿਆ। ਲੱਗ-ਭਗ ਤਿੰਨ ਸਾਲ ਦੇ ਜ਼ੰਗੀ ਹਾਲਤ, ਅਨੰਦਪੁਰ ਨੂੰ ਪਏ ਘੇਰੇ, ਪਹਾੜੀ ਰਾਜਿਆਂ ਅਤੇ ਸ਼ਾਹੀ ਫੌਜਾਂ ਵੱਲੋਂ ਦਿਵਾਏ ਭਰੋਸੇ ਅਤੇ ਕਿਲੇ ਦੇ ਅੰਦਰੂਨੀ ਹਾਲਾਤ ਨੂੰ ਮੁਖ ਰੱਖ ਕੇ ਗੁਰੂ ਜੀ ਨੇ 6 ਪੋਹ ਸੰਮਤ 1761/5 ਦਸੰਬਰ 1704 (ਯੂਲੀਅਨ) ਦੀ ਰਾਤ ਨੂੰ ਕਿਲਾ ਖਾਲੀ ਕਰ ਦਿੱਤਾ। ਵੈਰੀ ਦੀਆਂ ਫੌਜਾਂ ਨੇ ਖਾਧੀਆਂ ਕਸਮਾਂ ਨੂੰ ਭੁਲ ਕੇ, ਧੋਖੇ ਨਾਲ ਹਮਲਾ ਕਰ ਦਿੱਤਾ। ਸਿੰਘ ਬੜੀ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ ਇਸੇ ਦੌਰਾਨ ਗੁਰੂ ਜੀ ਸਰਸਾਂ ਨਦੀ ਨੂੰ ਪਾਰ ਕਰ, ਦੋ ਵੱਡੇ ਸਾਹਿਬਜ਼ਾਦੇ ਅਤੇ 40 ਸਿੰਘਾਂ ਸਮੇਤ ਚਮਕੌਰ ਪੁੱਜ ਗਏ। ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦੇ, ਜੋ ਗੁਰੂ ਜੀ ਤੋਂ ਵਿਛੜ ਗਏ ਸਨ, ਗੰਗੂ ਨਾਮ ਦੇ ਇਕ ਸੇਵਾਦਾਰ ਨਾਲ ਉਸ ਦੇ ਪਿੰਡ ਖੇੜੀ ਪੁੱਜ ਗਏ।
ਗੁਰੂ ਜੀ ਨੇ ਚਮਕੌਰ ਦੇ ਚੌਧਰੀ ਦੀ ਇੱਕ ਕੱਚੀ ਗੜੀ ਵਿੱਚ ਮੋਰਚੇ ਸੰਭਾਲ ਲਏ। ਮੁਗਲਾਂ ਨੇ ਰਾਤ ਦੇ ਸਮੇ ਹਜ਼ਾਰਾਂ ਦੀ ਗਿਣਤੀ ਚ ਫੌਜ ਨਾਲ ਗੜੀ ਨੂੰ ਘੇਰਾ ਪਾ ਲਿਆ। ਅੱਗਲੇ ਗੁਰੂ ਸਾਹਿਬ ਜੀ, ਦੋ ਵੱਡੇ ਸਾਹਿਬਜ਼ਾਦੇ ਤੇ 40 ਸਿੰਘਾਂ ਨੇ ਮੁਗਲ ਫੌਜ ਦਾ ਡਟ ਕੇ ਟਾਕਰਾ ਕੀਤਾ। ਪੰਜ–ਪੰਜ ਸਿੰਘਾਂ ਦਾ ਜਥਾ ਮੈਦਾਨਚ ਜਾਂਦਾ ਅਤੇ ਵੈਰੀ ਦੇ ਸੱਥਰ ਵਿਛਾਉਂਦਾ ਹੋਇਆ ਸ਼ਹੀਦ ਹੋ ਜਾਂਦਾ। ਸਾਹਿਬਜ਼ਾਦਾ ਅਜੀਤ ਸਿੰਘ ਵੀ ਗੁਰੂ ਜੀ ਤੋਂ ਆਗਿਆ ਲੈ ਕੇ ਮੈਦਾਨ ਚ ਜਾ ਗੱਜਿਆ। ਤੀਰਾਂ ਤੋਂ ਬਾਅਦ ਆਪ ਨੇ ਤਲਵਾਰ ਦੇ ਇਹੋ ਜਿਹੇ ਜੌਹਰ ਦਿਖਾਏ ਕਿ ਵਿਰੋਧੀ ਫੌਜਾਂਚ ਹਾਹਾ-ਕਾਰ ਮੱਚ ਗਈ। ਜਦੋਂ ਆਪ ਦਾ ਘੋੜਾ ਜ਼ਖ਼ਮੀ ਹੋ ਗਿਆ ਤਾਂ ਆਪ ਪੈਦਲ ਹੀ ਵੈਰੀਆਂ ਦੇ ਆਹੂ ਲਾਹੁਣ ਲੱਗੇ। ਕਈਆਂ ਨੂੰ ਪਾਰ ਬੁਲਾ ਕੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਸ਼ਹੀਦ ਹੋ ਗਏ। ਹੁਣ ਵਾਰੀ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ ਸੀ। ਜਿਉਂ ਹੀ ਸਾਹਿਬਜ਼ਾਦਾ ਆਪਣੇ ਜਥੇ ਸਮੇਤ ਮੈਦਾਨੇ ਜੰਗ ਵਿੱਚ ਆਇਆ ਮੁਗਲ ਫੌਜ ਤੇ ਟੁੱਟ ਕੇ ਪੈ ਗਏ। ਗੁਰੂ ਜੀ ਨੇ ਵੀ ਗੜੀ ਵਿੱਚੋਂ ਹੀ ਤੀਰਾਂ ਦੀ ਬਾਰਸ਼ ਆਰੰਭ ਕਰ ਦਿੱਤੀ। ਬਾਬਾ ਜੁਝਾਰ ਸਿੰਘ ਜੀ ਵੈਰੀਆਂ ਦੇ ਆਹੂ ਲਾਉਂਦੇ ਹੋਏ ਅੱਗੇ ਵੱਧਦੇ ਵੱਧਦੇ 8 ਪੋਹ ਬਿ: ਸੰਮਤ 1761/7 ਦਸੰਬਰ 1704 (ਯੂਲੀਅਨ) ਦਿਨ ਵੀਰਵਾਰ ਨੂੰ ਸ਼ਹੀਦੀ ਪ੍ਰਾਪਤ ਕਰ ਗਏ।




