ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ ਭੂਸ਼ਣ ਗੋਇਲ ਨੂੰ ਆਪਣੀ ਪਤਨੀ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸ ਦਈਏ ਕਿ ਇਹ ਗ੍ਰਿਫ਼ਤਾਰੀ ਕਤਲ ਤੋਂ ਚਾਰ ਸਾਲ ਬਾਅਦ ਹੋਈ ਹੈ। ਦੋਸ਼ੀ ਪ੍ਰੋਫੈਸਰ ਕਈ ਸਾਲਾਂ ਤੋਂ ਪੁਲਿਸ ਨੂੰ ਗੁੰਮਰਾਹ ਕਰ ਰਿਹਾ ਸੀ। ਦੋਸ਼ੀ ਵੱਲੋਂ 2021 ‘ਚ ਦੀਵਾਲੀ ਦੀ ਰਾਤ ਨੂੰ ਆਪਣੀ ਪਤਨੀ ਦਾ ਕਤਲ ਕੀਤਾ ਗਿਆ ਸੀ। ਮ੍ਰਿਤਕ ਦੀ ਲਾਸ਼ 4 ਨਵੰਬਰ, 2021 ਨੂੰ ਪੀਯੂ ਕੈਂਪਸ ਦੇ ਨੇੜੇ ਜੀ ਬਲਾਕ ਵਿੱਚ ਘਰ ਵਿਚੋਂ ਮਿਲੀ ਸੀ।
ਪੰਜਾਬ ਯੂਨੀਵਰਸਿਟੀ ਦੇ ਪ੍ਰੋਫੈਸਰ ਭਾਰਤ ਭੂਸ਼ਣ ਗੋਇਲ ਦੀ ਪਤਨੀ ਸੀਮਾ ਗੋਇਲ ਦਾ ਕਤਲ 4 ਨਵੰਬਰ, 2021 ਨੂੰ ਦੀਵਾਲੀ ਦੀ ਰਾਤ ਨੂੰ ਕੀਤਾ ਗਿਆ ਸੀ। ਪੁਲਿਸ ਨੂੰ ਦਿੱਤੇ ਗੋਇਲ ਦੇ ਬਿਆਨ ਮੁਤਾਬਕ ਉਸ ਨੇ ਪਤਨੀ ਸੀਮਾ ਗੋਇਲ (60) ਦੀ ਲਾਸ਼ ਸਭ ਤੋਂ ਪਹਿਲਾਂ ਵੇਖੀ ਸੀ, ਉਸ ਦੇ ਹੱਥ-ਪੈਰ ਕੱਪੜੇ ਨਾਲ ਬੱਝੇ ਹੋਏ ਅਤੇ ਮੂਹ ਵਿਚ ਵੀ ਕੱਪੜਾ ਠੂਸਿਆ ਹੋਇਆ ਸੀ ਪੁਲਿਸ ਦੇ ਮੌਕੇ ‘ਤੇ ਪਹੁੰਚਣ ਤੋਂ ਪਹਿਲਾਂ ਉਹ ਉਸ ਨੂੰ ਹਸਪਤਾਲ ਲੈ ਗਿਆ ਜਿਥੇ ਡਾਕਟਰਾਂ ਨੇ ਸੀਮਾ ਗੋਇਲ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਸੀਮਾ ਗੋਇਲ ਦਾ ਮੋਬਾਈਲ ਫੋਨ ਵੀ ਗਾਇਬ ਸੀ।
ਪੁਲਿਸ ਨੇ ਆਲੇ-ਦੁਆਲੇ ਦੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ, ਪਰ ਕੁਝ ਹਾਸਲ ਨਹੀਂ ਹੋਇਆ। ਪੋਸਟਮਾਰਟਮ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੌਤ ਦਾ ਕਾਰਨ ਦਮ ਘੁੱਟਣਾ ਸੀ। ਉਸ ਦੇ ਸਿਰ ‘ਤੇ ਸੱਟਾਂ ਦੇ ਨਿਸ਼ਾਨ ਵੀ ਮਿਲੇ ਹਨ। ਪੁਲਿਸ ਨੇ ਨੌਕਰ, ਮਾਲੀ ਅਤੇ ਮਾਮਲੇ ਨਾਲ ਜਾਣੂ ਹੋਰ ਲੋਕਾਂ ਦੇ ਬਿਆਨ ਲਏ, ਪਰ ਕੁਝ ਪਤਾ ਨਹੀਂ ਲੱਗਾ। ਸੈਕਟਰ 11 ਥਾਣੇ ਦੇ ਪੁਲਿਸ ਸਟੇਸ਼ਨ ਨੇ ਸੀਮਾ ਗੋਇਲ ਦੇ ਪਤੀ ਦੀ ਸ਼ਿਕਾਇਤ ਦੇ ਆਧਾਰ ‘ਤੇ ਕਤਲ ਦਾ ਮਾਮਲਾ ਦਰਜ ਕੀਤਾ।




