ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲਦੇ ਜਨਮ ਦਿਨ ਮੌਕੇ ਉਹਨਾਂ ਨੂੰ ਅੱਜ ਯਾਦ ਕੀਤਾ ਜਾ ਰਿਹਾ ਹੈ। ਬਠਿੰਡਾ ਦੇ ਰਾਮਾ ਮੰਡੀ ਵਿਖੇ ਆਰਟਿਸਟ ਰਾਮਪਾਲ ਬਹਿਣੀਵਾਲ ਵੱਲੋਂ ਸਾਬਣ ਨਾਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਬੁੱਤ ਤਿਆਰ ਕਰਕੇ ਉਹਨਾਂ ਅਤੇ ਉਨ੍ਹਾਂ ਦੇ ਕੰਮਾਂ ਨੂੰ ਯਾਦ ਕੀਤਾ ਗਿਆ ਹੈ।
ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਯਾਦ ‘ਚ ਪਿੰਡ ਬਾਦਲ ਵਿਖੇ ਉਨ੍ਹਾਂ ਦੇ ਬੁੱਤ ਦਾ ਉਦਘਾਟਨ ਕਰਨ ਮੌਕੇ ਦੱਸਿਆ ਕਿ ਅੱਜ ਜਦੋਂ ਅਸੀਂ ਸੰਗਤੀ ਰੂਪ ‘ਚ ਪੰਜ ਵਾਰ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਰਹੇ ਸਰਦਾਰ ਪਰਕਾਸ਼ ਸਿੰਘ ਬਾਦਲ ਜੀ ਦੇ ਬੁੱਤ ਅਤੇ 70 ਫੁੱਟ ਉੱਚੇ ਅਕਾਲੀ ਝੰਡੇ ਦਾ ਉਦਘਾਟਨ ਕੀਤਾ ਤਾਂ ਉਥੇ ਮੌਜੂਦ ਸੰਗਤ ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰਾਂ ਵੱਲੋਂ ਆਪ ਮੁਹਾਰੇ ਲਗਾਏ “ਸਰਦਾਰ ਪਰਕਾਸ਼ ਸਿੰਘ ਜੀ ਬਾਦਲ ਅਮਰ ਰਹੇ” ਦੇ ਨਾਅਰਿਆਂ ਨੇ ਇਸ ਗੱਲ ਦਾ ਪ੍ਰਤੱਖ ਸਬੂਤ ਪੇਸ਼ ਕੀਤਾ ਕਿ ਬਾਦਲ ਸਾਬ੍ਹ ਹਰ ਵਰਗ ਦੇ ਦਿਲਾਂ ਦੀ ਧੜਕਣ ਸਨ ।
ਉਨ੍ਹਾਂ ਕਿਹਾ ਕਿ ਬਾਦਲ ਸਾਬ੍ਹ ਅਸਲ ਮਾਇਨਿਆਂ ਵਿੱਚ ਆਪਣੇ ਲੋਕਾਂ ਦੇ ਸੱਚੇ ਸੇਵਾਦਾਰ ਸਨ, ਜਿਨ੍ਹਾਂ ਦੇ ਧੁਰ ਅੰਦਰ ਤੱਕ ਪੰਜਾਬੀਅਤ ਵਸਦੀ ਸੀ ਅਤੇ ਜਿਨ੍ਹਾਂ ਨੇ ਹਮੇਸ਼ਾਂ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ। ਕਿਸਾਨਾਂ ਅਤੇ ਗਰੀਬਾਂ ਦੀ ਭਲਾਈ ਲਈ ਉਨ੍ਹਾਂ ਨੇ ਜੋ ਕੁਝ ਕੀਤਾ, ਉਹ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ ।
ਬਾਦਲ ਸਾਬ੍ਹ ਦੀ 98ਵੀਂ ਜਨਮ ਵਰ੍ਹੇਗੰਢ ਮੌਕੇ ਉਨ੍ਹਾਂ ਦਾ ਬੁੱਤ ਸਥਾਪਿਤ ਕਰਨਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਲਹਿਰਾਉਣਾ ਸਮੁੱਚੇ ਅਕਾਲੀ ਪਰਿਵਾਰ ਲਈ ਮਾਣ ਵਾਲਾ ਪਲ ਸੀ। ਇਸ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਬਾਦਲ ਪਿੰਡ ਵਿੱਚ ਹੀ ਬਾਦਲ ਸਾਬ੍ਹ ਦੀ ਜ਼ਿੰਦਗੀ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਸਮਰਪਿਤ ਇੱਕ ਅਜਾਇਬ ਘਰ ਦੀ ਸਥਾਪਨਾ ਕਰਾਂਗੇ, ਤਾਂ ਜੋ ਆਉਣ ਵਾਲੀਆਂ ਪੀੜੀਆਂ ਵੀ ਉਨ੍ਹਾਂ ਦੀ ਸੇਵਾ ਅਤੇ ਸਮਰਪਣ ਭਾਵਨਾ ਤੋਂ ਪ੍ਰੇਰਨਾ ਲੈਂਦੀਆਂ ਰਹਿਣ ।




