ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਐਲਾਨ ਕੀਤਾ ਕਿ ਨਵੇਂ ਸ਼ੁਰੂ ਕੀਤੇ ਗਏ ਪੈਨਸ਼ਨਰ ਸੇਵਾ ਪੋਰਟਲ ‘ਤੇ ਰਾਜ ਦੇ ਪੈਨਸ਼ਨਰਾਂ ਦੀ ਰਜਿਸਟ੍ਰੇਸ਼ਨ ਤਿੰਨ ਮਹੀਨਿਆਂ ਦੇ ਅੰਦਰ ਪੂਰੀ ਕਰ ਲਈ ਜਾਵੇਗੀ। ਉਨ੍ਹਾਂ ਇਹ ਐਲਾਨ ਐਸ ਏ ਐਸ ਨਗਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਏ ਜਾ ਰਹੇ ਤਿੰਨ ਦਿਨਾਂ ਪੈਨਸ਼ਨਰ ਸੇਵਾ ਮੇਲੇ ਦੇ ਉਦਘਾਟਨ ਦੌਰਾਨ ਕੀਤਾ। ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਵੀ ਦੱਸਿਆ ਕਿ 13 ਤੋਂ 15 ਨਵੰਬਰ ਤੱਕ ਚੱਲਣ ਵਾਲਾ ਇਹ ਮੇਲਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਪੈਨਸ਼ਨਰਾਂ ਨੂੰ ਪੋਰਟਲ ਰਜਿਸਟ੍ਰੇਸ਼ਨ ਵਿੱਚ ਸਹਾਇਤਾ ਲਈ ਕਰਵਾਇਆ ਜਾ ਰਿਹਾ ਹੈ।
ਪਹਿਲੇ ਦਿਨ ਹੀ, ਅੱਜ ਪੂਰੇ ਰਾਜ ਵਿੱਚ 5,320 ਤੋਂ ਵੱਧ ਪੈਨਸ਼ਨਰਾਂ ਨੇ ਪੋਰਟਲ ‘ਤੇ ਸਫਲਤਾਪੂਰਵਕ ਰਜਿਸਟਰੇਸ਼ਨ ਕੀਤੀ। ਸੁਚਾਰੂ ਰਜਿਸਟ੍ਰੇਸ਼ਨ ਨੂੰ ਯਕੀਨੀ ਬਣਾਉਣ ਲਈ, ਵਿੱਤ ਮੰਤਰੀ ਨੇ ਭਰੋਸਾ ਦਿੱਤਾ ਕਿ ਵਿੱਤ ਵਿਭਾਗ ਅਤੇ ਪੈਨਸ਼ਨ ਵੰਡਣ ਵਾਲੇ ਬੈਂਕਾਂ ਦੇ ਅਧਿਕਾਰੀ ਕਿਸੇ ਵੀ ਤਕਨੀਕੀ ਸਮੱਸਿਆ ਨੂੰ ਮੌਕੇ ‘ਤੇ ਹੱਲ ਕਰਨ ਲਈ ਸਾਰੇ ਜ਼ਿਲ੍ਹਾ ਪੱਧਰੀ ਸਮਾਗਮਾਂ ਵਿੱਚ ਮੌਜੂਦ ਰਹਿਣਗੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰਜਿਸਟ੍ਰੇਸ਼ਨ ਸਹਾਇਤਾ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ, ਪੈਨਸ਼ਨ ਵੰਡਣ ਵਾਲੇ ਬੈਂਕਾਂ, ਸੇਵਾ ਕੇਂਦਰਾਂ, ਅਤੇ ਨਾਲ ਹੀ ਸੇਵਾ ਕੇਂਦਰਾਂ ਦੁਆਰਾ ਸੁਵਿਧਾਜਨਕ ਹੋਮ ਡਿਲੀਵਰੀ ਸੇਵਾਵਾਂ ਰਾਹੀਂ ਨਿਰੰਤਰ ਉਪਲਬਧ ਰਹੇਗੀ।




