ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਸੰਸਦ ਮੈਂਬਰ ਅਤੇ ਫਿਲਮ ਅਦਾਕਾਰਾ ਕੰਗਨਾ ਰਣੌਤ ਮੁਸ਼ਕਲਾਂ ਵਿਚ ਘਿਰਦੀ ਨਜਰ ਆ ਰਹੀ ਹੈ। ਇੱਕ ਪਾਸੇ ਉਸ ਖਿਲਾਫ ਪੰਜਾਬ ਵਿਚ ਮਹਿਲਾ ਕਿਸਾਨ ‘ਤੇ ਵਿਵਾਦਿਤ ਟਿੱਪਣੀ ਦਾ ਕੇਸ ਚੱਲ ਰਿਹਾ ਹੈ ਤੇ ਹੁਣ ਇੱਕ ਹੋਰ ਮਾਮਲੇ ਵਿਚ ਉਹ ਮੁਸ਼ਕਲਾਂ ਵਿਚ ਫਸਦੀ ਦਿਖਾਈ ਦੇ ਰਹੀ ਹੈ। ਆਗਰਾ ਵਿਚ ਉਸ ਖਿਲਾਫ ਦੇਸ਼ਦ੍ਰੋਹ ਅਤੇ ਕਿਸਾਨਾਂ ਦੇ ਅਪਮਾਨ ਦਾ ਮੁਕੱਦਮਾ ਚੱਲੇਗਾ। ਬੁੱਦਵਾਰ ਨੂੰ ਸੁਣਵਾਈ ਮਗਰੋਂ ਕੋਰਟ ਨੇ ਕੰਗਨਾ ਖਿਲਾਫ ਦਾਇਰ ਹੋਈ ਰਿਵੀਜਨ ਪਟੀਸ਼ਨ ਨੂੰ ਸਵੀਕਾਰ ਕਰ ਲਿਆ। 10 ਨਵੰਬਰ ਨੂੰ ਅਦਾਲਤ ਨੇ ਵਕੀਲਾਂ ਦੀ ਬਹਿਸ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਦੱਸ ਦੇਈਏ ਕਿ ਆਗਰਾ ਵਿਚ ਵਕੀਲ ਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਾਮਸ਼ੰਕਰ ਸ਼ਰਮਾ ਨੇ 11 ਸਤੰਬਰ, 2024 ਨੂੰ ਕੰਗਨਾ ਰਣੌਤ ਵਿਰੁੱਧ ਮੁਕੱਦਮਾ ਦਾਇਰ ਕੀਤਾ। ਉਨ੍ਹਾਂ ਦੋਸ਼ ਲਗਾਇਆ ਕਿ 26 ਅਗਸਤ, 2024 ਨੂੰ ਆਪਣੇ ਬਿਆਨ ਵਿੱਚ, ਸੰਸਦ ਮੈਂਬਰ ਕੰਗਨਾ ਰਣੌਤ ਨੇ ਕਿਸਾਨਾਂ ਬਾਰੇ ਅਪਮਾਨਜਨਕ ਟਿੱਪਣੀਆਂ ਕੀਤੀਆਂ, ਉਨ੍ਹਾਂ ਦੀਆਂ ਅਤੇ ਲੱਖਾਂ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ। ਉਸ ਨੇ ਮਹਾਤਮਾ ਗਾਂਧੀ ਬਾਰੇ ਅਪਮਾਨਜਨਕ ਟਿੱਪਣੀਆਂ ਕਰਨ ਦਾ ਵੀ ਦੋਸ਼ ਲਗਾਇਆ ਸੀ।
ਕੰਗਨਾ ਨੇ ਇੱਕ ਮੀਡੀਆ ਇੰਟਰਵਿਊ ਵਿੱਚ ਕਿਹਾ ਸੀ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਇੱਕ ਵਿਵਾਦਿਤ ਬਿਆਨ ਦਿੱਤਾ ਸੀ। ਵਕੀਲ ਸ਼ਰਮਾ ਨੇ 11 ਸਤੰਬਰ ਨੂੰ ਐਮਪੀ-ਐਮਐਲਏ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ। ਕੰਗਨਾ ‘ਤੇ ਲੱਖਾਂ ਕਿਸਾਨਾਂ ਬਾਰੇ ਅਪਮਾਨਜਨਕ ਟਿੱਪਣੀਆਂ ਕਰਨ ਦਾ ਦੋਸ਼ ਲਗਾਉਂਦੇ ਹੋਏ, ਦੇਸ਼ਧ੍ਰੋਹ ਦਾ ਮੁਕੱਦਮਾ ਚਲਾਉਣ ਦੀ ਅਪੀਲ ਕੀਤੀ ਗਈ ਸੀ।




