ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ 5 ਤੋਂ 7 ਅਕਤੂਬਰ ਤੱਕ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਦੇ ਮੱਦੇਨਜ਼ਰ, ਭਾਖੜਾ ਬਿਆਸ ਪ੍ਰਬੰਧਨ ਬੋਰਡ ਨੇ ਭਾਖੜਾ ਅਤੇ ਪੋਂਗ ਡੈਮਾਂ ਦੇ ਫਲੱਡ ਗੇਟ ਖੋਲ੍ਹ ਦਿੱਤੇ ਹਨ। ਬੋਰਡ ਨੇ ਡੈਮਾਂ ਦੇ ਓਵਰਫਲੋਅ ਨੂੰ ਰੋਕਣ ਲਈ ਸ਼ਨੀਵਾਰ ਯਾਨੀ 4 ਅਕਤੂਬਰ ਤੋਂ 40,000 ਕਿਊਸਿਕ ਵਾਧੂ ਪਾਣੀ ਦੀ ਨਿਯੰਤਰਿਤ ਰਿਹਾਈ ਦਾ ਐਲਾਨ ਕੀਤਾ ਸੀ। ਦੱਸ ਦਈਏ ਕਿ 4 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਰਾਵੀ, ਬਿਆਸ ਅਤੇ ਸਤਲੁਜ ਦਰਿਆਵਾਂ ਦੇ ਕੈਚਮੈਂਟ ਖੇਤਰਾਂ ਵਿੱਚ ਬਾਰਿਸ਼ ਦੀ ਚੇਤਾਵਨੀ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ।
ਭਾਖੜਾ ਡੈਮ ਵਿੱਚ ਮੌਜੂਦਾ ਪਾਣੀ ਦਾ ਪੱਧਰ 1,672.88 ਫੁੱਟ (ਖ਼ਤਰੇ ਦਾ ਨਿਸ਼ਾਨ 1,680 ਫੁੱਟ) ਹੈ। ਦੁਪਹਿਰ 12 ਵਜੇ ਤੋਂ, ਫਲੱਡ ਗੇਟਾਂ ਤੋਂ 8,000 ਕਿਊਸਿਕ ਵਾਧੂ ਪਾਣੀ ਛੱਡਿਆ ਗਿਆ, ਜਿਸ ਨਾਲ ਕੁੱਲ ਡਿਸਚਾਰਜ 44,000 ਕਿਊਸਿਕ ਹੋ ਜਾਵੇਗਾ। ਪੋਂਗ ਡੈਮ ਵਿੱਚ ਪਾਣੀ ਦਾ ਪੱਧਰ 1,388.47 ਫੁੱਟ (ਖ਼ਤਰੇ ਦਾ ਨਿਸ਼ਾਨ 1,390 ਫੁੱਟ) ਤੱਕ ਪਹੁੰਚ ਗਿਆ ਹੈ। ਸਪਿਲਵੇਅ ਤੋਂ 32,000 ਕਿਊਸਿਕ ਵਾਧੂ ਪਾਣੀ ਛੱਡਿਆ ਜਾਵੇਗਾ, ਜਿਸ ਨਾਲ ਕੁੱਲ ਡਿਸਚਾਰਜ 50,000 ਕਿਊਸਿਕ ਹੋ ਜਾਵੇਗਾ। ਇਹ ਬਿਆਸ ਦਰਿਆ ਦੇ ਹੇਠਾਂ ਵਾਲੇ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ।
ਰਾਵੀ ਦਰਿਆ ‘ਤੇ ਰਣਜੀਤ ਸਾਗਰ ਡੈਮ ਤੋਂ ਡਿਸਚਾਰਜ ਪਹਿਲਾਂ ਹੀ 37,686 ਕਿਊਸਿਕ ਤੱਕ ਵਧਾ ਦਿੱਤਾ ਗਿਆ ਹੈ, ਜੋ ਕਿ ਸ਼ਨੀਵਾਰ ਨੂੰ ਵੀ ਇਸੇ ਤਰ੍ਹਾਂ ਰਹੇਗਾ। ਬੀਬੀਐਮਬੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਡਿਸਚਾਰਜ ਡੈਮ ਸੁਰੱਖਿਆ ਅਤੇ ਹੇਠਾਂ ਵਾਲੇ ਖੇਤਰਾਂ ਵਿੱਚ ਹੜ੍ਹ ਪ੍ਰਬੰਧਨ ਲਈ ਕੀਤਾ ਜਾ ਰਿਹਾ ਹੈ। ਮੌਸਮ ਵਿਭਾਗ (IMD) ਨੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ, ਮੰਡੀ, ਕੁੱਲੂ ਅਤੇ ਜੰਮੂ-ਕਸ਼ਮੀਰ ਦੇ ਜਲ ਗ੍ਰਹਿਣ ਖੇਤਰਾਂ ਵਿੱਚ 6-7 ਅਕਤੂਬਰ ਲਈ ਰੈੱਡ ਅਲਰਟ ਜਾਰੀ ਕੀਤਾ ਹੈ, ਜਿਸ ਵਿੱਚ ਦਰਿਆਈ ਪਾਣੀ ਦੇ ਪੱਧਰ ਵਿੱਚ ਤੇਜ਼ੀ ਨਾਲ ਵਾਧਾ ਹੋਣ ਦੀ ਸੰਭਾਵਨਾ ਹੈ।