ਬੀਤੇ ਸ਼ਨੀਵਾਰ ਨੂੰ ਬਾਈਕ ਹਾਦਸੇ ‘ਚ ਗੰਭੀਰ ਜ਼ਖ਼ਮੀ ਹੋਏ ਪੰਜਾਬੀ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਦਾ ਦੀ ਹਾਲਾਤ ਅਜੇ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਜਵੰਦਾ ਪਿਛਲੇ ਚਾਰ ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਐਡਵਾਂਸਡ ਲਾਈਫ ਸਪੋਰਟ ‘ਤੇ ਹੈ। ਬੁੱਧਵਾਰ ਨੂੰ ਫੋਰਟਿਸ ਦੇ ਡਾਕਟਰਾਂ ਨੇ ਗਾਇਕ ਦੀ ਹਾਲਤ ਬਾਰੇ ਇੱਕ ਸਿਹਤ ਅਪਡੇਟ ਦਿੱਤੀ।
ਡਾਕਟਰਾਂ ਦਾ ਕਹਿਣਾ ਹੈ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਕ੍ਰਿਟੀਕਲ ਕੇਅਰ ਅਤੇ ਨਿਊਰੋਸਾਇੰਸ ਟੀਮਾਂ ਦੀ ਨਜ਼ਦੀਕੀ ਨਿਗਰਾਨੀ ਹੇਠ ਲਾਈਫ ਸਪੋਰਟ ‘ਤੇ ਹੈ। ਉਸ ਦੀ ਨਿਊਰੋਲੋਜੀਕਲ ਹਾਲਤ ਨਾਜ਼ੁਕ ਬਣੀ ਹੋਈ ਹੈ। ਡਾਕਟਰਾਂ ਦੀਆਂ ਸਭ ਤੋਂ ਵਧੀਆ ਕੋਸ਼ਿਸ਼ਾਂ ਦੇ ਬਾਵਜੂਦ, ਉਸ ਦੀ ਹਾਲਤ ਵਿੱਚ ਕੋਈ ਖਾਸ ਸੁਧਾਰ ਨਹੀਂ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਬ੍ਰੇਨ ਤੱਕ ਆਕਸੀਜਨ ਨਹੀਂ ਪਹੁੰਚ ਰਹੀ।
ਦੱਸ ਦਈਏ ਕਿ ਮੰਗਲਵਾਰ ਨੂੰ ਡਾਕਟਰਾਂ ਨੇ ਉਸ ਦੇ ਦਿਮਾਗ ਦੀ ਐਮਆਰਆਈ ਸਕੈਨ ਕੀਤਾ, ਜਿਸ ਵਿੱਚ ਹਾਈਪੋਕਸਿਕ ਬਦਲਾਅ ਭਾਵ ਆਕਸੀਜਨ ਦੀ ਘਾਟ ਦਾ ਖੁਲਾਸਾ ਹੋਇਆ। ਇਸ ਤੋਂ ਇਲਾਵਾ ਉਸ ਦੀ ਰੀੜ੍ਹ ਦੀ ਹੱਡੀ ਦੇ ਐਮਆਰਆਈ ਸਕੈਨ ਤੋਂ ਸਰਵਾਈਕਲ ਰੀੜ੍ਹ ਦੀ ਹੱਡੀ ਨੂੰ ਕਾਫ਼ੀ ਨੁਕਸਾਨ ਹੋਇਆ, ਜਿਸ ਕਾਰਨ ਉਨ੍ਹਾਂ ਦੇ ਕੁਝ ਅੰਗਾਂ ਵਿੱਚ ਕਮਜ਼ੋਰੀ ਆਈ।