ਨਾਭਾ ‘ਚ DSP ਦਫ਼ਤਰ ਦੇ ਬਾਹਰ ਕਿਸਾਨ ਤੇ ਪੁਲਿਸ ਵਿਚਕਾਰ ਹੰਗਾਮਾ ਹੋਇਆ। ਪੁਲਿਸ ਅਤੇ ਕਿਸਾਨ ਆਹਮੋ-ਸਾਹਮਣੇ ਹੋ ਗਏ। ਦੱਸ ਦਈਏ ਕਿ ਇੱਕ ਪਰਚੇ ਨੂੰ ਲੈ ਕੇ ਕਿਸਾਨਾਂ ਵੱਲੋਂ DSP ਦਫ਼ਤਰ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਜਿਸ ਦੌਰਾਨ ਨਾਭਾ ਦੀ DSP ਮਨਦੀਪ ਕੌਰ ਵੱਲੋਂ ਕਿਸਾਨਾਂ ‘ਤੇ ਧੁਕਾ-ਮੁੱਕੀ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਗਏ ਹਨ। ਜਦਕਿ ਕਿਸਾਨਾਂ ਵੱਲੋਂ ਆਪਣੇ ‘ਤੇ ਲੱਗੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਗਿਆ ਹੈ।
ਪੁਲਿਸ ਅਤੇ ਕਿਸਾਨਾਂ ਦੀ ਆਪਸੀ ਝੜਪ ਦੌਰਾਨ ਕਈ ਕਿਸਾਨ ਜ਼ਖਮੀ ਹੋ ਗਏ ਅਤੇ ਕੁਝ ਦੀਆਂ ਪੱਗਾਂ ਵੀ ਲਹਿ ਗਈਆਂ। ਜਾਣਕਾਰੀ ਮੁਤਾਬਕ ਕਿਸਾਨ 22 ਸਤੰਬਰ ਨੂੰ ਆਪਣੀ ਯੂਨੀਅਨ ਵੱਲੋਂ ਦਿੱਤੇ ਗਏ ਸੱਦੇ ਤੋਂ ਬਾਅਦ ਇੱਕ ਤੈਅ ਧਰਨਾ ਪ੍ਰਦਰਸ਼ਨ ਨੂੰ ਲਾਗੂ ਕਰਨ ਲਈ ਇਕੱਠੇ ਹੋਏ ਸਨ। ਉਨ੍ਹਾਂ ਨੇ ਇੱਕ ਸਥਾਨਕ ਰਾਜਨੀਤਿਕ ਆਗੂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ, ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਟਰਾਲੀ ਚੋਰੀ ਨਾਲ ਸਬੰਧਤ ਪਿਛਲੇ ਇੱਕ ਮਾਮਲੇ ਵਿੱਚ ਉਸ ਨੂੰ ਪੁਲਿਸ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
ਡੀਐਸਪੀ ਮਨਦੀਪ ਕੌਰ ਵੱਲੋਂ ਕਿਸਾਨਾਂ ‘ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਕਿਸਾਨਾਂ ਨੇ ਉਸਦਾ ਜੂੜਾ ਅਤੇ ਵਰਦੀ ਖਿੱਚੀ ਹੈ ਅਤੇ ਧੱਕੇ ਮਾਰੇ ਹਨ। ਡੀਐੱਸਪੀ ਨੇ ਕਿਹਾ ਕਿ ਕਿਸਾਨਾਂ ਵੱਲੋਂ ਉਸ ਨਾਲ ਧੱਕਾ-ਮੁੱਕੀ ਕਰਨ ‘ਤੇ ਸਭ ‘ਤੇ ਕਾਰਵਾਈ ਕੀਤੀ ਜਾਊਗੀ।