ਅੰਮ੍ਰਿਤਸਰ, 22 ਸਤੰਬਰ : ਹੜ੍ਹਾਂ ਤੋਂ ਪ੍ਰਭਾਵਿਤ ਸੂਬੇ ਦੇ ਹਾਲਾਤ ਨਾਜ਼ੁਕ ਹਨ। ਦੇਸ਼ ਵਿਦੇਸ਼ ‘ਚ ਬੈਠੇ ਪੰਜਾਬੀਆਂ, ਕਲਾਕਾਰਾਂ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਵੈੱਬ ਪੋਰਟਲ ਜਾਰੀ ਕਰਨ ਮੌਕੇ ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਹੜ੍ਹਾਂ ਦੌਰਾਨ ਹੋਏ ਨੁਕਸਾਨ ਦੇ ਮੱਦੇਨਜ਼ਰ ਲੋੜਵੰਦਾਂ ਤੱਕ ਲਗਾਤਾਰ ਪਹੁੰਚ ਅਪਣਾ ਰਹੀ ਹੈ ਅਤੇ ਸੰਗਤਾਂ ਦੀ ਮੰਗ ਅਤੇ ਲੋੜਾਂ ਨੂੰ ਮੁੱਖ ਰੱਖਦਿਆਂ ਸਿੱਖ ਸੰਸਥਾ ਵੱਲੋਂ ਕਾਰਜ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਜਿਥੇ ਸ਼੍ਰੋਮਣੀ ਕਮੇਟੀ ਨੇ ਰਾਹਤ ਕਾਰਜਾਂ ਲਈ 20 ਕਰੋੜ ਰੁਪਏ ਰਾਖਵੇਂ ਰੱਖੇ ਹਨ, ਉਥੇ ਸੰਗਤਾਂ ਵੱਲੋਂ ਵੀ ਵੱਡਾ ਸਹਿਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 19 ਸਤੰਬਰ 2025 ਤੱਕ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨ, ਮੁਲਾਜ਼ਮਾਂ ਅਤੇ ਸੰਗਤਾਂ ਵੱਲੋਂ ਕੀਤੀ ਸਹਾਇਤਾ ਦੇ ਵੇਰਵੇ ਵੈੱਬਸਾਈਟ ’ਤੇ ਪਾਏ ਗਏ ਹਨ, ਜਦਕਿ ਅੱਜ ਤੱਕ 6 ਕਰੋੜ 9 ਲੱਖ 49 ਹਜ਼ਾਰ ਤੋਂ ਵੱਧ ਦੀ ਰਕਮ ਸ਼੍ਰੋਮਣੀ ਕਮੇਟੀ ਕੋਲ ਆਈ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 19 ਸਤੰਬਰ ਤੱਕ ਹੋਏ ਖ਼ਰਚਿਆਂ ਦਾ ਵੇਰਵਾ ਵੀ ਜਨਤਕ ਕੀਤਾ ਗਿਆ ਹੈ, ਜਿਸ ਵਿਚ ਰਾਹਤ ਕਾਰਜਾਂ ਲਈ ਵੱਖ-ਵੱਖ ਗੁਰਦੁਆਰਾ ਸਾਹਿਬਾਨ ਤੋਂ 91 ਲੱਖ 4 ਹਜ਼ਾਰ ਰੁਪਏ ਤੋਂ ਵੱਧ ਦੇ ਖ਼ਰਚਿਆਂ ਦੇ ਨਾਲ-ਨਾਲ 23 ਲੱਖ 26 ਹਜ਼ਾਰ ਤੋਂ ਵੱਧ ਮੈਡੀਕਲ ਸੇਵਾਵਾਂ ਦਾ ਖ਼ਰਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸੰਗਤਾਂ ਵੱਲੋਂ ਚੜ੍ਹਤ ਵਿਚ ਭੇਜੀਆਂ ਰਸਦਾਂ ਅਤੇ ਜ਼ਰੂਰੀ ਸਮਾਨ ਵੀ ਪੀੜਤਾਂ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ।।
SGPC ਪ੍ਰਧਾਨ ਧਾਮੀ ਨੇ ਦੱਸਿਆ ਕਿ 6,000 ਲੀਟਰ ਡੀਜ਼ਲ ਖੇਮਕਰਨ ਸਰਹੱਦ ‘ਤੇ, 11,000 ਲੀਟਰ ਸੁਲਤਾਨਪੁਰ ਲੋਧੀ ਨੂੰ ਅਤੇ 8,000 ਲੀਟਰ ਹੋਰ ਖੇਮਕਰਨ ਸਰਹੱਦ ‘ਤੇ 25 ਸਤੰਬਰ ਨੂੰ ਭੇਜਿਆ ਜਾਵੇਗਾ। ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਲਾਂਘੇ ਦੇ ਨੇੜੇ ਚੱਲ ਰਹੀ ਸੇਵਾ ਲਈ 5,000 ਲੀਟਰ ਡੀਜ਼ਲ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ ਅਤੇ ਹੋਰ 5,000 ਲੀਟਰ ਜਲਦੀ ਹੀ ਭੇਜਿਆ ਜਾਵੇਗਾ।