ਅੰਮ੍ਰਿਤਸਰ ਵਿੱਚ ਨਸ਼ੇ ਨੂੰ ਲੈ ਕੇ ਇੱਕ ਹੋਰ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਅੰਮ੍ਰਿਤਸਰ ਪੁਲਿਸ ਵੱਲੋਂ ਇੱਕ ਸਰਕਾਰੀ ਸਕੂਲ ਦੀ ਅਧਿਆਪਕ ਨੂੰ ਨਸ਼ੀਲੇ ਪਦਾਰਥਾਂ ਦੀ ਖੇਪ ਸਮੇਤ ਫੜਿਆ ਗਿਆ। ਪੁਲਿਸ ਨੇ ਅਧਿਆਪਕ ਸਮੇਤ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹਨਾਂ ਤੋਂ 9 ਕਿਲੋ ਹੈਰੋਇਨ ਬਰਾਮਦ ਕੀਤਾ ਗਈ ਹੈ।
ਪੰਜਾਬ ਸਰਕਾਰ ਵੱਲੋਂ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ ਅੰਮ੍ਰਿਤਸਰ ਸਿਟੀ ਪੁਲਿਸ ਨੇ ਛੇ ਤਸਕਰਾਂ ਨੂੰ 9 ਕਿਲੋ ਹੈਰੋਇਨ ਦੀ ਖੇਪ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਂਚ ਵਿੱਚ ਪਤਾ ਲੱਗਿਆ ਹੈ ਕਿ ਇਹ ਖੇਪ ਪਾਕਿਸਤਾਨੀ ਤਸਕਰਾਂ ਵੱਲੋਂ ਡਰੋਨ ਦੀ ਵਰਤੋਂ ਕਰਕੇ ਸਰਹੱਦ ਪਾਰ ਭੇਜੀ ਗਈ ਸੀ। ਗ੍ਰਿਫ਼ਤਾਰ ਕੀਤੇ ਗਏ ਤਸਕਰਾਂ ਵਿੱਚ ਦੋ ਔਰਤਾਂ ਸ਼ਾਮਲ ਹਨ, ਜਿਨ੍ਹਾਂ ਵਿੱਚੋਂ ਇੱਕ ਸਰਕਾਰੀ ਸਕੂਲ ਦੀ ਅਧਿਆਪਕ ਹੈ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਛੇਹਰਟਾ ਪੁਲਿਸ ਸਟੇਸ਼ਨ ਨੇ ਪਹਿਲਾਂ ਦੋਸ਼ੀ ਹਨੀ ਨੂੰ 20 ਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਸੀ। ਇਸ ਮੁਲਜ਼ਮ ਦੀ ਪੁੱਛਗਿੱਛ ਦੇ ਆਧਾਰ ‘ਤੇ ਥਾਂਦੇ ਪਿੰਡ ਦੇ ਰਹਿਣ ਵਾਲੇ ਗੁਰਪ੍ਰੀਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਤੋਂ 3 ਕਿਲੋ ਹੈਰੋਇਨ ਬਰਾਮਦ ਕੀਤੀ ਗਈ।
ਹਨੀ ਦੀ ਪੁੱਛਗਿੱਛ ਦੇ ਆਧਾਰ ‘ਤੇ ਇੱਕ ਹੋਰ ਸਾਥੀ ਜੰਡਿਆਲਾ ਗੁਰੂ ਦੇ ਰਹਿਣ ਵਾਲੇ ਹਰਿੰਦਰ ਹਿੰਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 5 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਪੂਰਾ ਨੈੱਟਵਰਕ ਤਸਕਰ ਗੁਰਪ੍ਰੀਤ ਸਿੰਘ ਦੁਆਰਾ ਚਲਾਇਆ ਜਾਂਦਾ ਸੀ, ਜੋ ਪਾਕਿਸਤਾਨ ਤੋਂ ਖੇਪਾਂ ਦਰਾਮਦ ਕਰਦਾ ਸੀ। ਜਾਂਚ ਦੌਰਾਨ ਗੁਰਪ੍ਰੀਤ ਸਿੰਘ ਨੇ ਆਪਣੀਆਂ ਦੋ ਮਹਿਲਾ ਸਾਥੀਆਂ, ਜਸਬੀਰ ਕੌਰ ਅਤੇ ਕੁਲਵਿੰਦਰ ਕੌਰ ਦੀ ਪਛਾਣ ਦੱਸੀ। ਇਸ ਤੋਂ ਬਾਅਦ ਪੁਲਿਸ ਨੇ ਦੋਵਾਂ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਤੋਂ 1 ਕਿਲੋ ਹੈਰੋਇਨ ਬਰਾਮਦ ਕੀਤੀ।




