Instagram Influencer Kartik Bagan murder case New twist : ਸੋਸ਼ਲ ਮੀਡੀਆ ਇਨਫਲੁਏਂਸਰ ਕਾਰਤਿਕ ਬੱਗਨ ਦੇ ਕਤਲ ਮਾਮਲੇ ‘ਚ ਵੱਡੀ ਕਾਰਵਾਈ ਕਰਦੇ ਹੋਏ ਪੁਲਿਸ ਨੇ 3 ਮੁਲਜ਼ਮਾਂ ਨੂੰ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਤੋਂ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ‘ਚ ਸ਼ਾਮਿਲ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ 23 ਅਗਸਤ ਨੂੰ ਅਣਪਛਾਤਿਆਂ ਨੇ ਗੋਲੀ ਮਾਰ ਕੇ ਕਾਰਤਿਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਮਾਮਲੇ ਵਿਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਵੱਡੇ ਖੁਲਾਸੇ ਕੀਤੇ ਹਨ।
ਲੁਧਿਆਣਾ ਦੇ ਸੁੰਦਰ ਨਗਰ ਇਲਾਕੇ ਵਿੱਚ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਇਨਫਲੁਏਂਸਰ ਨੌਜਵਾਨ ਕਾਰਤਿਕ ਬੱਗਨ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਸਬੰਧ ਦੇ ਵਿੱਚ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ। ਪੁਲਿਸ ਨੇ ਇਸ ਕਤਲ ਮਾਮਲੇ ਦੇ ਵਿੱਚ ਦੋਸ਼ੀਆਂ ਦੀ ਪਛਾਣ ਕਰਕੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ।
ਪੁਲਿਸ ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਕਾਰਤਿਕ ਨਾਂਦਾ ਨੌਜਵਾਨ ਸ਼ਾਮ ਵੇਲੇ ਆਪਣੇ ਦੋਸਤ ਨਾਲ ਐਕਟਿਵਾ ਉੱਪਰ ਜਾ ਰਿਹਾ ਸੀ। ਉਸ ਨੂੰ ਘੇਰ ਕੇ ਗੋਲੀਆਂ ਮਾਰੀਆਂ ਗਈਆਂ ਸਨ, ਜਿਸ ਨਾਲ ਉਸ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਜਿਹੜਾ ਉਸ ਦਾ ਦੋਸਤ ਨਾਲ ਸੀ ਉਹ ਵੀ ਗੰਭੀਰ ਜਖਮੀ ਹੋਇਆ ਸੀ, ਜੋਕਿ ਹੁਣ ਖਤਰੇ ਤੋਂ ਬਾਹਰ ਹੈ ਅਤੇ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਨੌਜਵਾਨ ਦਾ ਕਤਲ ਕਰਨ ਲਈ ਤਿੰਨ ਮੋਟਰਸਾਈਕਲਾਂ ‘ਤੇ ਅੱਠ ਦੋਸ਼ੀ ਆਏ ਸਨ, ਜੋਕਿ ਲੁਧਿਆਣਾ ਦੇ ਹੀ ਰਹਿਣ ਵਾਲੇ ਸਨ। ਉਹ ਮ੍ਰਿਤਕ ਨੌਜਵਾਨ ਦੇ ਜਾਣਕਾਰ ਸਨ ਪਰ ਇਹਨਾਂ ਦੀ ਆਪਸ ਵਿੱਚ ਸੋਸ਼ਲ ਮੀਡੀਆ ਤੇ ਤੂੰ-ਤੂੰ ਮੈਂ-ਮੈਂ ਚਲ ਰਹੀ ਸੀ ਅਤੇ ਫੋਨ ‘ਤੇ ਵੀ ਇੱਕ-ਦੂਜੇ ਨੂੰ ਗਾਲ੍ਹਾਂ ਕੱਢਦੇ ਰਹਿੰਦੇ ਸਨ। ਉਹਨਾਂ ਦੱਸਿਆ ਕਿ ਮ੍ਰਿਤਕ ਕਾਰਤਿਕ ਬੱਗਨ ਇੰਸਟਾਗ੍ਰਾਮ ‘ਤੇ ਕਾਫੀ ਐਕਟਿਵ ਸੀ ਅਤੇ ਇੰਸਟਾਗਰਾਮ ‘ਤੇ ਵੀ ਇੱਕ ਦੂਜੇ ਨੂੰ ਗਾਲ੍ਹਾਂ ਕਢਦੇ ਸਨ ਜਿਸ ਨੂੰ ਲੈ ਕੇ ਦੋਸ਼ੀਆਂ ਨੇ ਕਾਰਤਿਕ ਬੱਗਨ ਨੂੰ ਮਾਰਨ ਦਾ ਪਲਾਨ ਬਣਾਇਆ। ਉਸ ਤੋਂ ਬਾਅਦ ਸਾਹਿਲ ਨਾਂ ਦੇ ਨੌਜਵਾਨ ਨੇ ਮ੍ਰਿਤਕ ਦੀ ਜਾਣਕਾਰੀ ਦੋਸ਼ੀਆਂ ਨੂੰ ਦਿੱਤੀ ਅਤੇ ਦੋਸ਼ੀਆਂ ਨੇ ਉਸ ਦਾ ਕਤਲ ਕੀਤਾ।