ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਸੀਐੱਮ ਭਗਵੰਤ ਮਾਨ ਵੱਲੋਂ ਅੱਜ ਪ੍ਰੈੱਸ ਕਾਨਫਰੰਸ ਕੀਤੀ ਗਈ। ਵਿਰੋਧੀ ਧਿਰਾਂ ਵੱਲੋਂ ਜੋ ਮੁੱਖ ਮੰਤਰੀ ਬਦਲੇ ਜਾਣ ਦੀਆਂ ਬਿਆਨਬਾਜ਼ੀਆਂ ਦਿੱਤੀਆਂ ਜਾ ਰਹੀਆਂ ਹਨ ਉਸ ‘ਤੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਮੈਂ 3 ਦਿਨ ਹਸਪਤਾਲ ਗਿਆ ਤਾਂ ਵਿਰੋਧੀਆਂ ਨੇ ਮਗਰੋਂ 4 ਮੁੱਖ-ਮੰਤਰੀ ਬਣਾ ਦਿੱਤੇ। ਮਾਨ ਨੇ ਕਿਹਾ ਕਿ ਕੁਝ ਲੋਕ ਅਜਿਹੇ ਹਨ ਜੋ ਸੋਸ਼ਲ ਮੀਡੀਆ ‘ਤੇ ਗਲਤ ਪ੍ਰਚਾਰ ਕਰ ਰਹੇ ਹਨ। ਮੈਂ ਹਸਪਤਾਲ ਦਾਖਲ ਸੀ ਤਾਂ ਕੁਝ ਮੀਡੀਆ ਚੈਨਲ ਵਾਲੇ 3-4 ਮੁੱਖ ਮੰਤਰੀ ਪੰਜਾਬ ਵਿਚ ਬਣਾਉਣ ਦੀਆਂ ਗੱਲਾਂ ਕਰਨ ਲੱਗੇ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਵੀ ਕਹਿ ਚੁੱਕੇ ਨੇ CM ਨਹੀਂ ਬਦਲੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੀ ਰਹਿਣਗੇ ਪਰ ਫਿਰ ਵੀ ਫੇਸਬੁੱਕ ਵਾਲੇ ਵਿਦਵਾਨ ਫ਼ਰਜ਼ੀ ਖ਼ਬਰਾਂ ਫੈਲਾਉਂਦੇ ਹਨ। ਇਸ ਤੋਂ ਬਚੋ। ਸੀਐੱਮ ਮਾਨ ਨੇ ਕਿਹਾ ਕਿ ਸਾਡੀ ਪਾਰਟੀ ਸੰਘਰਸ਼ ਨਾਲ ਨਿਕਲੀ ਪਾਰਟੀ ਹੈ। ਸਾਡਾ ਕੋਈ ਧੜਾ ਨਹੀਂ ਹੈ। ਲੋਕ ਹੀ ਸਾਡਾ ਧੜਾ ਹਨ। ਕੁਝ ਲੋਕ ਪਾਰਟੀ ਵਿਚ ਗੁੱਟਬਾਜ਼ੀ ਕਰਨ ਆਏ ਸਨ ਪਰ ਸਮਾਂ ਰਹਿੰਦਿਆਂ ਹੀ ਉਹ ਬਾਹਰ ਹੋ ਗਏ।