ਸੰਤ ਬਾਬਾ ਨੰਦ ਸਿੰਘ ਇੱਕ ਸਿੱਖ ਸੰਤ ਸਨ। ਉਨ੍ਹਾਂ ਨੂੰ ਸਿੱਖ ਧਰਮ ਦੇ ਨਾਨਕਸਰ ਕਲੇਰਾਂ ਸੰਪ੍ਰਦਾਇ ਦੇ ਸੰਸਥਾਪਕ ਵਜੋਂ ਜਾਣਿਆ ਜਾਂਦਾ ਹੈ। ਭਗਤੀ ਭਾਵ, ਨਾਮ-ਸਿਮਰਨ ਤੇ ਜਪ-ਤਪ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਚੋਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਵਾਲੇ ਸੰਤ ਬਾਬਾ ਨੰਦ ਸਿੰਘ ਜੀ ਦੀ ਨਾਨਕਸਰ ਫੁਲਵਾੜੀ ਦੇ ਮੌਜੂਦਾ ਮਹਾਪੁਰਖ ਸੰਤ ਬਾਬਾ ਘਾਲਾ ਸਿੰਘ, ਸੰਤ ਬਾਬਾ ਲੱਖਾ ਸਿੰਘ, ਸੰਤ ਬਾਬਾ ਗੁਰਚਰਨ ਸਿੰਘ ਤੇ ਸੰਤ ਬਾਬਾ ਗੁਰਜੀਤ ਸਿੰਘ ਦੀ ਅਗਵਾਈ ‘ਚ 24 ਅਗਸਤ ਤੋਂ 28 ਅਗਸਤ ਤੱਕ ਮਹਾਨ ਧਾਰਮਿਕ ਬਰਸੀ ਸਮਾਗਮ ਮਨਾਏ ਗਏ।
24 ਅਗਸਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੈਂਕੜੇ ਪਾਠਾਂ ਦੀ ਲੜੀ ਦੀ ਆਰੰਭਤਾ ਨਾਲ ਸਮਾਗਮਾਂ ਦਾ ਆਗ਼ਾਜ਼ ਕੀਤਾ ਗਿਆ, ਜਿਨ੍ਹਾਂ ਦੇ ਭੋਗ 26 ਅਗਸਤ ਨੂੰ ਪਾਏ ਗਏ ਸਨ, ਉਪਰੰਤ ਨਾਲ ਹੀ ਦੂਜੀ ਲੜੀ ’ਚ ਪਾਠ ਪ੍ਰਕਾਸ਼ ਕੀਤਾ ਗਿਆ, ਜਿਨ੍ਹਾਂ ਦੇ ਭੋਗ 28 ਅਗਸਤ ਯਾਨੀ ਅੱਜ ਪਾਏ ਗਏ ਹਨ। 27 ਅਗਸਤ ਨੂੰ ਸਵੇਰੇ 10 ਵਜੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਸੀ। ਦੱਸ ਦਈਏ ਕਿ ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ ਬਾਬਾ ਨੰਦ ਸਿੰਘ ਜੀ ਦੀ 82ਵੀਂ ਬਰਸੀ ਮਨਾਈ ਗਈ। ਵੱਡੀ ਗਿਣਤੀ ‘ਚ ਸੰਗਤਾਂ ਨਤਮਸਤਕ ਹੋਈਆਂ।