ਹੁਸ਼ਿਆਰਪੁਰ, 25 ਅਗਸਤ : ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੀ ਭਾਰੀ ਬਾਰਿਸ਼ ਦੇ ਪਿੱਛੇ ਤੋਂ ਲਗਾਤਾਰ ਆ ਰਹੇ ਪਾਣੀ ਕਾਰਨ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1386.20 ਫੁੱਟ ‘ਤੇ ਚਲਿਆ ਗਿਆ ਹੈ। ਡੈਮ ਦਾ ਪੱਧਰ ਵਧਣ ਕਾਰਨ ਬੀਬੀਐਮਬੀ ਪ੍ਰਸਾਸ਼ਨ ਨੇ ਡੈਮ ਤੋਂ ਅੱਜ ਸ਼ਾਮ 4 ਵਜੇ ਛੱਡੇ ਜਾ ਰਹੇ 6200 ਕਿਊਸਿਕ ਪਾਣੀ ਤੋਂ ਕੱਲ੍ਹ ਤੱਕ ਸਵੇਰੇ 9 ਵਜੇ ਕਰੀਬ 13 ਹਜ਼ਾਰ ਕਿਊਸਿਕ ਪਾਣੀ ਹੋਰ ਵਧਾ ਕੇ 75000 ਕਿਊਸਿਕ ਪਾਣੀ ਛੱਡਣ ਦਾ ਸ਼ਡਿਊਲ ਜਾਰੀ ਕੀਤਾ ਹੈ। ਵੱਧ ਪਾਣੀ ਛੱਡੇ ਜਾਣ ਨਾਲ ਬਿਆਸ ਦਰਿਆ ਨੇੜਲੇ ਪਿੰਡਾਂ ਵਿੱਚ ਪਾਣੀ ਦੀ ਮਾਰ ਹੋਰ ਵੱਧ ਸਕਦੀ ਹੈ।
ਦੱਸਣਯੋਗ ਹੈ ਕਿ ਅੱਜ ਸਵੇਰੇ 5 ਵਜੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1384.33 ਫੁੱਟ ਸੀ। ਡੇਮ ਵਿੱਚ ਪਿੱਛੇ ਤੋਂ 124286 ਕਿਊਸਿਕ ਪਾਣੀ ਆ ਰਿਹਾ ਸੀ, ਜਦੋਂ ਕਿ ਅੱਗੇ 39216 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ। ਦੇਰ ਸ਼ਾਮ 6 ਵਜੇ ਪੌਂਗ ਡੈਮ ਵਿੱਚ ਪਾਣੀ ਦੀ ਆਮਦ 205515 ਕਿਊਸਿਕ ਹੋਣ ਕਾਰਨ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1386.20 ਫੁੱਟ ‘ਤੇ ਚੱਲਿਆ ਗਿਆ। ਇਸ ਕਾਰਨ ਪੌਂਗ ਡੈਮ ਵਲੋਂ ਅੱਗੇ ਬਿਆਸ ਦਰਿਆ ‘ਤੇ ਮੁਕੇਰੀਆਂ ਹਾਈਡਲ ਚੈਨਲ ਵਿੱਚ 63732 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਬਿਆਸ ਦਰਿਆ ਵਿੱਚ ਪਹਿਲਾਂ ਹੀ ਚੱਕੀ ਅਤੇ ਪਹਾੜਾਂ ਦੇ ਆਏ ਪਾਣੀ ਕਾਰਨ ਬਿਆਸ ਦਰਿਆ ਨੇੜਲੇ ਪਿੰਡਾਂ ਨੂੰ ਹੜ੍ਹਾਂ ਦਾ ਖਤਰਾ ਸਤਾ ਰਿਹਾ ਹੈ ਅਤੇ ਪ੍ਰਸਾਸ਼ਨਿਕ ਪ੍ਰਬੰਧਾਂ ਦੀ ਘਾਟ ਕਾਰਨ ਮਹਿਤਾਬਪੁਰ, ਕੋਲੀਆਂ, ਸਨਿਆਲ ਸਮੇਤ ਕੁਝ ਥਾਂਵਾਂ ‘ਤੇ 50 ਤੋਂ 150 ਫੁੱਟ ਤੱਕ ਪਾੜ ਪੈ ਗਏ ਹਨ। ਅੱਜ ਦੇਰ਼ ਸਾਮ ਤੱਕ ਪ੍ਰਸਾਸ਼ਨ ਵਲੋਂ ਇਨ੍ਹਾ ਪਾੜਾਂ ਨੁੰ ਪੂਰਿਆ ਨਹੀਂ ਜਾ ਸਕਿਆ। ਬੀਤੇ ਦਿਨ ਰਾਤ ਵੇਲੇ ਬਿਆਸ ਦਰਿਆ ਵਿੱਚ ਵਧੇ ਪਾਣੀ ਦੌਰਾਨ 24 ਅਗਸਤ ਨੂੰ ਪੌਂਗ ਡੈਮ ਤੋਂ ਅੱਗੇ ਦੁਪਹਿਰੇ ਦੋ ਵਜੇ ਕੇਵਲ 34538 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ। ਜੋ ਕਿ ਭਲਕੇ ਸਵੇਰੇ 9 ਵਜੇ ਤੱਕ 75000 ਕਿਊਸਿਕ ਕਰ ਦਿੱਤਾ ਜਾਵੇਗਾ। ਅਜਿਹੇ ਵਿੱਚ ਪਹਿਲਾਂ ਹੀ ਧੁੱਸੀ ਬੰਨ੍ਹਾਂ ਵਿੱਚ ਪਏ ਪਾੜਾਂ ਕਾਰਨ ਮੁਸੀਬਤ ਝੱਲ ਰਹੇ ਮਹਿਤਾਬਪੁਰ, ਹਲੇੜ ਜਨਾਰਧਨ, ਨੁਸ਼ਿਹਰਾ ਪੱਤਣ, ਸਨਿਆਲ, ਕੋਲੀਆਂ, ਮਿਆਣੀ ਆਦਿਕ ਪਿੰਡਾਂ ਵਿੱਚ ਸਥਿਤੀ ਹੋਰ ਵੀ ਭਿਆਨਕ ਹੋ ਸਕਦੀ ਹੈ।
ਬੀਬੀਐਮਬੀ ਵਲੋਂ ਜਾਰੀ ਪੱਤਰ ਅਨੁਸਾਰ 25 ਅਗਸਤ ਸ਼ਾਮ 4 ਵਜੇ ਤੋਂ ਅਤੇ 26 ਅਗਸਤ ਸਵੇਰੇ 9 ਵਜੇ ਤੱਕ ਪੌਂਗ ਡੈਮ ਵਿੱਚ ਛੱਡੇ ਜਾ ਰਹੇ 6200 ਕਿਊਸਿਕ ਪਾਣੀ ਵਿੱਚ 2-2 ਹਜ਼ਾਰ ਦੀ ਸਮਰੱਥਾ ਵਿੱਚ ਪਾਣੀ ਵਧਾਇਆ ਜਾਵੇਗਾ, ਜਿਹੜਾ ਕਿ ਪੌਂਗ ਡੈਮ ਤੋਂ 75000 ਕਿਊਸਿਕ ਤੱਕ ਕੁੱਲ ਪਾਣੀ ਛੱਡਣ ਦੀ ਸਮਰੱਥਾ ਤੱਕ ਲਿਜਾਇਆ ਜਾਵੇਗਾ।