ਗੁਰੂ ਗ੍ਰੰਥ ਸਾਹਿਬ ਦੇ 421ਵੇਂ ਪਹਿਲੇ ਪ੍ਰਕਾਸ਼ ਦਿਹਾੜੇ ‘ਤੇ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਬਾਰੇ ਇਹ ਲੇਖ ਸਾਂਝਾ ਕਰਨ ਦੀ ਖੁਸ਼ੀ ਲੈ ਰਹੇ ਹਾਂ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਦਾ ਮੁੱਢ ਬੱਝਦਾ ਹੈ, ਜਿਹਨਾਂ ਆਪਣੀ ਬਾਣੀ ਸਮੇਤ, ਵੱਖ-ਵੱਖ ਭਗਤਾਂ ਦੀਆਂ ਬਾਣੀਆਂ ਇਕੱਤਰ ਕੀਤੀਆਂ ਅਤੇ ਦੂਜੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਨੂੰ ਸੌਂਪੀਆਂ। ਇਸੇ ਤਰ੍ਹਾਂ ਦੂਜੇ ਗੁਰੂ ਨਾਨਕ ਤੋਂ ਲੈ ਕੇ ਪੰਜਵੇਂ ਗੁਰੂ ਨਾਨਕ ਤੱਕ, ਇਹ ਬਾਣੀਆਂ ਪੋਥੀ ਸਰੂਪ ਵਿੱਚ, ਅਗਾਂਹ ਸੌਂਪੀਆਂ ਜਾਂਦੀਆਂ ਰਹੀਆਂ ਅਤੇ ਪੰਜਵੇਂ ਗੁਰੂ ਨਾਨਕ, ਗੁਰੂ ਅਰਜਨ ਸਾਹਿਬ ਨੇ ਆਪਣੇ ਸਮੇਤ, ਗੁਰੂ ਸਾਹਿਬਾਨਾਂ ਅਤੇ ਹੋਰਨਾਂ ਸ਼ਖਸੀਅਤਾਂ ਦੀਆਂ ਬਾਣੀਆਂ ਇਕੱਤਰ ਕਰਦਿਆਂ ਹੋਇਆਂ, ‘ਪੋਥੀ ਸਾਹਿਬ’ ਦਾ ਸੰਪਾਦਨ ਕਾਰਜ ਕੀਤਾ।
ਸਮੁੱਚੇ ਜਗਤ ਵਿੱਚ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਸਿੱਖਾਂ ਦੇ ਪੰਜਵੇਂ ਗੁਰੂ, ਗੁਰੂ ਅਰਜਨ ਦੇਵ ਜੀ ਨੇ 1604 ਈਸਵੀ ਵਿੱਚ ਅੱਜ ਦੇ ਦਿਨ ਸ੍ਰੀ ਹਰਿਮੰਦਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਸੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਾਗ ਆਧਾਰਿਤ ਹੈ ਜੋ 31 ਰਾਗਾਂ ਵਿਚ ਦਰਜ ਕੀਤੀ ਗਈ ਹੈ। ਰਾਗਾਂ ਤੋਂ ਇਲਾਵਾ ਬਾਣੀ ਨੂੰ ਅਸ਼ਟਪਦੀਆਂ, ਸਲੋਕਾਂ ਅਤੇ ਪਦਿਆਂ ਦੇ ਆਧਾਰ ‘ਤੇ ਵਰਗੀਕ੍ਰਿਤ ਕੀਤਾ ਗਿਆ ਹੈ। ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮਹਾਨ ਗੁਰਸਿੱਖ ਅਤੇ 6 ਸਿੱਖ ਗੁਰੂ ਸਾਹਿਬਾਨਾਂ ਦੇ ਦਰਸ਼ਨਾਂ ਦਾ ਸੁਭਾਗ ਹਾਸਲ ਕਰਨ ਵਾਲੇ ਸਤਿਕਾਰਯੋਗ ਬਾਬਾ ਬੁੱਢਾ ਜੀ ਨੂੰ ਸ਼ਬਦ ਗੁਰੂ ਦੇ ਪਹਿਲੇ ਗ੍ਰੰਥੀ ਦਾ ਸਨਮਾਨ ਹਾਸਲ ਹੋਇਆ।