ਸਲੋਕੁ ਮਃ ੩ ॥ ਭਰਮਿ ਭੁਲਾਈ ਸਭੁ ਜਗੁ ਫਿਰੀ ਫਾਵੀ ਹੋਈ ਭਾਲਿ ॥ ਸੋ ਸਹੁ ਸਾਂਤਿ ਨ ਦੇਵਈ ਕਿਆ ਚਲੈ ਤਿਸੁ ਨਾਲਿ ॥ ਗੁਰ ਪਰਸਾਦੀ ਹਰਿ ਧਿਆਈਐ ਅੰਤਰਿ ਰਖੀਐ ਉਰ ਧਾਰਿ ॥ ਨਾਨਕ ਘਰਿ ਬੈਠਿਆ ਸਹੁ ਪਾਇਆ ਜਾ ਕਿਰਪਾ ਕੀਤੀ ਕਰਤਾਰਿ ॥੧॥ ਮਃ ੩ ॥ ਧੰਧਾ ਧਾਵਤ ਦਿਨੁ ਗਇਆ ਰੈਣਿ ਗਵਾਈ ਸੋਇ ॥ ਕੂੜੁ ਬੋਲਿ ਬਿਖੁ ਖਾਇਆ ਮਨਮੁਖਿ ਚਲਿਆ ਰੋਇ ॥ ਸਿਰੈ ਉਪਰਿ ਜਮ ਡੰਡੁ ਹੈ ਦੂਜੈ ਭਾਇ ਪਤਿ ਖੋਇ ॥ ਹਰਿ ਨਾਮੁ ਕਦੇ ਨ ਚੇਤਿਓ ਫਿਰਿ ਆਵਣ ਜਾਣਾ ਹੋਇ ॥ ਗੁਰ ਪਰਸਾਦੀ ਹਰਿ ਮਨਿ ਵਸੈ ਜਮ ਡੰਡੁ ਨ ਲਾਗੈ ਕੋਇ ॥ ਨਾਨਕ ਸਹਜੇ ਮਿਲਿ ਰਹੈ ਕਰਮਿ ਪਰਾਪਤਿ ਹੋਇ ॥੨॥
ਅਰਥ:- ਭੁਲੇਖੇ ਵਿਚ ਭੁੱਲੀ ਹੋਈ ਮੈਂ (ਪਰਮਾਤਮਾ ਨੂੰ ਲੱਭਣ ਵਾਸਤੇ) ਸਾਰਾ ਜਗਤ ਭਵੀਂ ਤੇ ਢੂੰਢ ਢੂੰਢ ਕੇ ਖਪ ਗਈ, (ਪਰ ਇਸ ਤਰ੍ਹਾਂ) ਉਹ ਖਸਮ (ਪ੍ਰਭੂ) (ਹਿਰਦੇ ਵਿਚ) ਸ਼ਾਂਤੀ ਨਹੀਂ ਦੇਂਦਾ, ਉਹ ਨਾਲ ਕੋਈ ਜ਼ੋਰ ਨਹੀਂ ਚੱਲ ਸਕਦਾ। (ਪਰ, ਹਾਂ) ਸਤਿਗੁਰੂ ਦੀ ਮੇਹਰ ਨਾਲ ਪ੍ਰਭੂ ਸਿਮਰਿਆ ਜਾ ਸਕਦਾ ਹੈ ਤੇ ਹਿਰਦੇ ਦੇ ਅੰਦਰ ਰੱਖਿਆ ਜਾ ਸਕਦਾ ਹੈ। ਹੇ ਨਾਨਕ! (ਗੁਰੂ ਦੀ ਮੇਹਰ ਨਾਲ) ਮੈਂ ਘਰ ਵਿਚ ਬੈਠਿਆਂ ਖਸਮ ਲੱਭ ਲਿਆ ਜਦੋਂ ਕਰਤਾਰ ਨੇ (ਮੇਰੇ ਉਤੇ) ਕਿਰਪਾ ਕੀਤੀ (ਤੇ ਗੁਰੂ ਮਿਲਾਇਆ)।1। ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਦਾ (ਸਾਰਾ) ਦਿਨ (ਦੁਨੀਆ ਦੇ) ਧੰਧਿਆਂ ਵਿਚ ਭਟਕਦਿਆਂ ਬੀਤ ਜਾਂਦਾ ਹੈ, ਤੇ ਰਾਤ ਨੂੰ ਉਹ ਸੌਂ ਕੇ ਗੰਵਾ ਲੈਂਦਾ ਹੈ, (ਇਹਨਾਂ ਧੰਧਿਆਂ ਵਿਚ ਪਿਆ ਹੋਇਆ) ਝੂਠ ਬੋਲ ਕੇ ਜ਼ਹਿਰ ਖਾਂਦਾ ਹੈ (ਭਾਵ, ਦੁਨੀਆ ਦੇ ਪਦਾਰਥ ਮਾਣਦਾ ਹੈ) ਤੇ (ਅੰਤ ਨੂੰ ਏਥੋਂ) ਰੋ ਕੇ ਤੁਰ ਪੈਂਦਾ ਹੈ; ਉਸ ਦੇ ਸਿਰ ਉਤੇ ਮੌਤ ਦਾ ਡੰਡਾ (ਤਿਆਰ ਰਹਿੰਦਾ) ਹੈ, (ਭਾਵ, ਹਰ ਵੇਲੇ ਮੌਤ ਤੋਂ ਡਰਦਾ ਹੈ), (ਪ੍ਰਭੂ ਨੂੰ ਵਿਸਾਰ ਕੇ) ਹੋਰ ਵਿਚ ਪਿਆਰ ਦੇ ਕਾਰਣ (ਆਪਣੀ) ਇੱਜ਼ਤ ਗੰਵਾ ਲੈਂਦਾ ਹੈ; ਉਸ ਨੇ ਪਰਮਾਤਮਾ ਦਾ ਨਾਮ ਤਾਂ ਕਦੇ ਯਾਦ ਨਹੀਂ ਕੀਤਾ ਹੁੰਦਾ (ਇਸ ਲਈ) ਮੁੜ ਮੁੜ ਜਨਮ ਮਰਨ ਦਾ ਗੇੜ (ਉਸ ਨੂੰ ਨਸੀਬ) ਹੁੰਦਾ ਹੈ। (ਪਰ ਜਿਸ ਮਨੁੱਖ ਦੇ) ਮਨ ਵਿਚ ਸਤਿਗੁਰੂ ਦੀ ਮੇਹਰ ਨਾਲ ਪਰਮਾਤਮਾ ਵੱਸਦਾ ਹੈ ਉਸ ਨੂੰ ਕੋਈ ਮੌਤ ਦਾ ਡੰਡਾ ਨਹੀਂ ਲੱਗਦਾ (ਭਾਵ, ਉਸ ਨੂੰ ਮੌਤ ਡਰਾ ਨਹੀਂ ਸਕਦੀ) ਹੇ ਨਾਨਕ! ਉਹ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ (ਇਹ ਅਵਸਥਾ ਉਸ ਨੂੰ) ਪਰਮਾਤਮਾ ਦੀ ਕਿਰਪਾ ਨਾਲ ਮਿਲ ਜਾਂਦੀ ਹੈ।2।