ਵੈਨਕੂਵਰ : ਸਰੀ ਦੇ ਮੁੱਖ ਗੁਰਦੁਆਰਾ ਸਾਹਿਬ ਦੇ ਖੇਤਰ ਵਿੱਚ ਆਮ ਲੋਕਾਂ ਦੀਆਂ ਸਹੂਲਤਾਂ ਲਈ ਕੁਝ ਸਾਲ ਪਹਿਲਾਂ ਉਸਾਰੀ ਇਮਾਰਤ ਦੇ ਬਾਹਰ ਰਿਪਬਲਕ ਆਫ ਖਾਲਿਸਤਾਨ ਦਾ ਬੋਰਡ ਲਾ ਦਿੱਤਾ ਗਿਆ ਹੈ। ਇਸਤੋਂ ਇੱਕ ਦਿਨ ਪਹਿਲਾਂ ਹੀ ਗੁਰਦੁਆਰਾ ਕਮੇਟੀ ਵਲੋਂ ਮੀਰੀ ਪੀਰੀ ਦਿਵਸ ਦੇ ਸਬੰਧ ਵਿੱਚ ਨਗਰ ਕੀਰਤਨ ਸਜਾਇਆ ਗਿਆ ਸੀ। ਅੱਜ ਉਕਤ ਇਮਾਰਤ ਦੇ ਬਾਹਰ ਉੱਕਤ ਬੋਰਡ ਲੱਗਾ ਵੇਖਿਆ ਗਿਆ, ਜੋ ਕੱਲ ਦੇਰ ਸ਼ਾਮ ਕਿਸੇ ਵਲੋਂ ਲਾਇਆ ਗਿਆ ਹੋ ਸਕਦਾ ਹੈ। ਗੁਰਦੁਆਰਾ ਨੇੜੇ ਰਹਿੰਦੇ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਹ ਸਾਰੇ ਇਸ ਬਾਰੇ ਅਨਜਾਣ ਸਨ। ਉਹਨਾਂ ਚੋਂ ਇੱਕ ਨੇ ਨੇੜੇ ਜਾਕੇ ਵੇਖਿਆ ਕਿ ਬੋਰਡ ਤਾਜਾ ਤਾਜਾ ਹੀ ਫਿੱਕਸ ਕੀਤੇ ਹੋਣ ਦੇ ਨਿਸ਼ਾਨ ਦਿਖਾਈ ਦਿੰਦੇ ਹਨ। ਇਸ ਬਾਰੇ ਗੁਰੁਦੁਆਰਾ ਕਮੇਟੀ ਨਾਲ ਸਬੰਧਤ ਸੂਤਰਾਂ ਨੂੰ ਪੁੱਛਿਆ ਕਿ ਕੀ ਇਹ ਬੋਰਡ ਗੁਰਦੁਆਰਾ ਕਮੇਟੀ ਦੀ ਸਹਿਮਤੀ ਨਾਲ ਲੱਗਾ ਹੈ ਜਾਂ ਨਹੀਂ, ਤਾਂ ਕਿਸੇ ਨੇ ਵੀ ਇਸ ਬਾਰੇ ਕੋਈ ਗੱਲ ਕਰਨ ਤੋਂ ਨਾਂਹ ਕੀਤੀ।
ਇਸ ਬਾਰੇ ਜਾਣਕਾਰੀ ਲੈਣ ਲਈ ਗੁਰਦੁਆਰਾ ਕਮੇਟੀ ਦੇ ਸਕੱਤਰ ਭੂਪਿੰਦਰ ਸਿੰਘ ਹੋਠੀ ਦੇ ਫੋਨ ਉੱਤੇ ਕਈ ਵਾਰ ਸੰਪਰਕ ਕੀਤਾ ਗਿਆ, ਪਰ ਉਸਨੇ ਫੋਨ ਕਾਲ ਲੈਣੀ ਵਾਜਬ ਨਹੀਂ ਸਮਝੀ। ਸ਼ਾਇਦ ਉਹ ਵੀ ਇਸ ਬਾਰੇ ਗੱਲ ਨਹੀ ਕਰਨਾ ਚਾਹੁੰਦੇ ਹੋਣ। ਕਮੇਟੀ ਨਾਲ ਹੀ ਸਬੰਧਤ ਰਹੇ ਕੁਝ ਹੋਰਨਾ ਨਾਲ ਵੀ ਸੰਪਰਕ ਕਰਨ ਦੇ ਯਤਨ ਕੀਤੇ, ਪਰ ਸ਼ਾਇਦ ਗੱਲ ਕਰਨ ਤੋਂ ਕਤਰਾਉਣ ਕਾਰਣ ਉਨ੍ਹਾਂ ਚੋਂ ਕਿਸੇ ਨੇ ਵੀ ਫੋਨ ਨਹੀਂ ਲਿਆ।
ਗੌਰਤਲਬ ਹੈ ਕਿ ਇਸੇ ਗੁਰਦੁਆਰਾ ਸਾਹਿਬ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੀ ਦੋ ਸਾਲ ਪਹਿਲਾਂ ਗੁਰਦੁਆਰਾ ਪਾਰਕਿੰਗ ਵਿੱਚ ਗੋਲੀਆਂ ਮਾਰਕੇ ਹੱਤਿਆ ਕੀਤੀ ਗਈ ਸੀ ਤੇ ਕਾਤਲ ਭੱਜ ਗਏ ਸਨ। ਪੁਲੀਸ ਨੇ ਜਾਂਚ ਕਰਕੇ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਹੋਏ ਹਨ ਤੇ ਕੇਸ ਸੁਣਵਾਈ ਅਧੀਨ ਹੈ। ਕੈਨੇਡਾ ਦੇ ਤੱਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਆਪਣੀ ਸੂਹੀਆ ਏਜੰਸੀ ਦੇ ਹਵਾਲੇ ਨਾਲ ਮਰਹੂਮ ਨਿੱਝਰ ਦੀ ਹੱਤਿਆ ਵਿੱਚ ਭਾਰਤ ਦਾ ਹੱਥ ਹੋਣ ਦੇ ਲਾਏ ਦੋਸ਼ਾਂ ਕਾਰਣ ਦੋਹਾਂ ਦੇਸ਼ਾਂ ਦੇ ਸਬੰਧਾ ਵਿੱਚ ਖਟਾਸ ਭਰੀ ਹੋਈ ਹੈ, ਜਿਸ ਵਿੱਚ ਦੇ ਮਹੀਨੇ ਪਹਿਲਾਂ ਕੈਨੇਡਾ ਵਿੱਚ ਹੋਏ ਜੀ 7 ਸੰਮੇਲਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਵਲੋਂ ਕੀਤੀ ਸ਼ਮੂਲੀਅਤ ਮੌਕੇ ਕੈਨੇਡਿਆਈ ਪ੍ਰਧਾਨ ਮੰਤਰੀ ਮਾਰਕ ਕਾਰਨੇ ਨਾਲ ਹੋਈ ਮੀਟਿੰਗ ਕਾਰਣ ਮੋੜਾ ਪਿਆ ਹੈ। ਇਸੇ ਮੋੜੇ ਕਾਰਣ ਕੁਝ ਦਿਨ ਪਹਿਲਾਂ ਕੈਨੇਡਾ ਨੇ ਮੁੰਬਈ ਵਿੱਚ ਆਪਣੀ ਕੌਂਸਲੇਟ ਜਨਰਲ ਨਿਯੁਕਤ ਕੀਤਾ ਹੈ, ਜਿਸ ਨਾਲ ਦੱਖਣ ਭਾਰਤੀ ਲੋਕਾਂ ਨੂੰ ਕੈਨੇਡਾ ਨਾਲ ਸਬੰਧਤ ਕੰਮਾਂ ਲਈ ਦਿੱਲੀ ਨਹੀਂ ਆਉਣਾ ਪੈ ਰਿਹਾ।