ਕੇਂਦਰ ਸਰਕਾਰ ਦੇ ਇੱਕ ਹੋਰ ਫੈਸਲੇ ਨੇ ਪੰਜਾਬ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ। ਦਰਅਸਲ, ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੂੰ ਅਮਰੀਕਾ ਜਾਣ ਦੀ ਇਜਾਜ਼ਤ ਨਹੀਂ ਮਿਲੀ। ਕੇਂਦਰ ਸਰਕਾਰ ਨੇ ਦੌਰੇ ਨੂੰ ਮਨਜ਼ੂਰੀ ਨਹੀਂ ਦਿੱਤੀ। ਮੰਤਰੀ ਹਰਭਜਨ ਸਿੰਘ ਈਟੀਓ NCSL 2025 ਵਿੱਚ ਸ਼ਾਮਲ ਹੋਣ ਵਾਲੇ ਸਨ।
ਹਰਭਜਨ ਸਿੰਘ ਈਟੀਓ ਨੇ ਕਿਹਾ ਕਿ, ਮੈਨੂੰ ਅਮਰੀਕਾ ਜਾਣ ਦੀ ਇਜਾਜ਼ਤ ਨਾ ਦੇਣਾ ਨਿੰਦਣਯੋਗ ਹੈ। ਮੈਨੂੰ ਸ਼ਾਇਦ ਸਿਰਫ਼ ਇਸ ਲਈ ਰੋਕਿਆ ਗਿਆ ਹੈ, ਕਿਉਂਕਿ ਮੈਂ ਪੰਜਾਬ ਤੋਂ ਹਾਂ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਗੇ ਕਿਹਾ ਕਿ, ‘ਅਮਰੀਕਾ ਵਿੱਚ ਨੈਸ਼ਨਲ ਕਾਨਫਰੰਸ ਸੀ ਮੇਰਾ ਵੀ ਉੱਥੇ ਜਾਣ ਦਾ ਪ੍ਰੋਗਰਾਮ ਸੀ। ਮੈਨੂੰ ਉੱਥੋਂ ਸੱਦਾ ਪੱਤਰ ਮਿਲਿਆ ਸੀ ਅਤੇ ਮੈਂ ਜਾਣ ਦੇ ਪ੍ਰਬੰਧ ਵੀ ਕੀਤੇ ਸੀ ਪਰ ਮਿਨਿਸਟਰੀ ਆਫ ਐਕਸਟਰਨਲ ਫੇਅਰਸ ਗਵਰਮੈਂਟ ਆਫ ਇੰਡੀਆ ਨੇ ਮੇਰੀ ਭੇਜੀ ਬੇਨਤੀ ਨੂੰ ਨਹੀਂ ਮੰਨਿਆ ਅਤੇ ਮੈਨੂੰ ਸਿਟੀ ਆਫ ਐਜੂਕਸ਼ਨ ਦੇ ਨਾਮ ਨਾਲ ਜਾਣੇ ਜਾਂਦੇ ਸ਼ਹਿਰ ਬੋਸਟਨ ਜਾਣ ਤੋਂ ਰੋਕ ਦਿੱਤਾ।
ਦੱਸ ਦਈਏ ਕਿ ਵਿਦੇਸ਼ ਮੰਤਰਾਲਾ ਪਹਿਲਾਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਣੇ ਕਈ ਹੋਰਨਾਂ ਮੰਤਰੀਆਂ ਨੂੰ ਵਿਦੇਸ਼ ਜਾਣ ਦੀ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਚੁੱਕਾ ਹੈ। ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨੇ ਪਿਛਲੇ ਵਰ੍ਹੇ 3 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈਰਿਸ ਦੌਰੇ ਲਈ ਰਾਜਸੀ ਪ੍ਰਵਾਨਗੀ ਨਹੀਂ ਦਿੱਤੀ ਸੀ, ਜਦੋਂ ਕਿ ਉਨ੍ਹਾਂ ਕੋਲ ਡਿਪਲੋਮੈਟਿਕ ਪਾਸਪੋਰਟ ਵੀ ਸੀ।