ਪੰਜਾਬ ਦੇ ਦੋ ਫੌਜੀ ਜਵਾਨ ਲੱਦਾਖ ਦੀਆਂ ਪਹਾੜੀਆਂ ਵਿੱਚ ਦੇਸ਼ ਦੀ ਸੇਵਾ ਕਰਦੇ ਹੋਏ ਸ਼ਹੀਦ ਹੋ ਗਏ। ਲੈਂਡਸਲਾਇਡਿੰਗ ‘ਚ ਪਠਾਨਕੋਟ ਅਤੇ ਗੁਰਦਾਸਪੁਰ ਦੇ ਜਵਾਨਾਂ ਦੀ ਮੌਤ ਹੋ ਗਈ। ਸ਼ਹੀਦ ਜਵਾਨਾਂ ਦੀ ਪਛਾਣ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਅਤੇ ਨਾਇਕ ਦਲਜੀਤ ਸਿੰਘ ਵਜੋਂ ਹੋਈ ਹੈ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
CM ਭਗਵੰਤ ਮਾਨ ਨੇ ਟਵੀਟ ਕਰਕੇ ਲਿਖਿਆ- ਲੱਦਾਖ ਦੀ ਗਲਵਾਨ ਘਾਟੀ ਵਿਖੇ ਹੋਈ ਲੈਂਡਸਲਾਇਡਿੰਗ ‘ਚ ਪਠਾਨਕੋਟ ਦੇ ਜਵਾਨ ਭਾਨੂ ਪ੍ਰਤਾਪ ਸਿੰਘ ਅਤੇ ਗੁਰਦਾਸਪੁਰ ਦੇ ਪਿੰਡ ਸ਼ਮਸ਼ੇਰਪੁਰ ਦੇ ਦਲਜੀਤ ਸਿੰਘ ਦੇ ਸ਼ਹੀਦ ਹੋਣ ਅਤੇ 3 ਹੋਰ ਜਵਾਨਾਂ ਦੇ ਜਖ਼ਮੀ ਹੋਣ ਦੀ ਦੁਖਦਾਈ ਖ਼ਬਰ ਮਿਲੀ। ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨਾਲ ਦਿਲੋਂ ਹਮਦਰਦੀ ਅਤੇ ਜ਼ਖ਼ਮੀ ਹੋਏ ਜਵਾਨਾਂ ਦੇ ਜਲਦ ਠੀਕ ਹੋਣ ਦੀ ਅਰਦਾਸ ਕਰਦੇ ਹਾਂ। ਸਰਕਾਰ ਵੱਲੋਂ ਵਾਅਦੇ ਮੁਤਾਬਕ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਇਹ ਹਾਦਸਾ ਬੁੱਧਵਾਰ ਸਵੇਰੇ ਵਾਪਰਿਆ। ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਅਤੇ ਨਾਇਕ ਦਲਜੀਤ ਸਿੰਘ ਦੁਰਬੁਕ ਤੋਂ ਚੋਂਗਤਾਸ਼ ਜਾ ਰਹੇ ਸਨ, ਇਸ ਦੌਰਾਨ ਉਹ ਲੱਦਾਖ ਵਿੱਚ ਲੈਂਡਸਲਾਈਡਿੰਗ ਵਿੱਚ ਫਸ ਗਏ। ਜਦੋਂ ਅਚਾਨਕ ਇੱਕ ਵੱਡੀ ਚੱਟਾਨ ਫੌਜ ਦੇ ਕਾਫਲੇ ‘ਤੇ ਡਿੱਗ ਪਈ। ਫੌਜੀ ਵਾਹਨ ਜਿਸ ਵਿੱਚ ਦੋਵੇਂ ਸੈਨਿਕ ਸਵਾਰ ਸਨ, ਚੱਟਾਨ ਨਾਲ ਟਕਰਾਉਣ ਤੋਂ ਬਾਅਦ ਬੁਰੀ ਤਰ੍ਹਾਂ ਨੁਕਸਾਨਿਆ ਗਿਆ।