ਲੁਧਿਆਣਾ ‘ਚ ਫ਼ਿਰ ਤੋਂ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਦੀ ਦੇਹ ਸੁੱਟੀ ਗਈ ਹੈ। ਮ੍ਰਿਤਕ ਦੇਹ ਸੁੱਟਦੇ ਨੌਜਵਾਨ ਸੀਸੀਟੀਵੀ ‘ਚਕੈਦ ਹੋ ਗਏ, ਇਸ ਦੀਆਂ ਹੈਰਾਨੀਜਨਕ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
CCTV ਦੀਆਂ ਤਸਵੀਰਾਂ ‘ਚ ਸਾਫ ਵੇਖਿਆ ਗਿਆ ਹੈ ਕਿ ਦੋ ਮੋਟਰਸਾਈਕਲ ਸਵਾਰ ਇੱਕ ਜਗ੍ਹਾ ‘ਤੇ ਆ ਕੇ ਰੁਕਦੇ ਹਨ ਤੇ ਉਥੇ ਮ੍ਰਿਤਕ ਦੇਹ ਨੂੰ ਮੋਟਰ ਸਾਈਕਲ ਤੋਂ ਹੇਠਾਂ ਸੁੱਟ ਕੇ ਫਰਾਰ ਹੋ ਜਾਂਦੇ ਹਨ। ਲੁਧਿਆਣਾ ਪੁਲਿਸ ਨੇ ਮਾਮਲੇ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਥੇ ਇਹ ਨੌਜਵਾਨ ਮ੍ਰਿਤਕ ਦੇਹ ਸੁੱਟ ਕੇ ਗਏ ਹਨ ਇਹ ਕੋਈ ਸੁੰਨਸਾਨ ਇਲਾਕਾ ਨਹੀਂ ਸਗੋਂ ਲੋਕਾਂ ਦੀ ਆਵਾਜਾਈ ਵਾਲਾ ਇਲਾਕਾ ਹੈ। ਸੀਸੀਟੀਵੀ ਫੁਟੇਜ ਵਿਚ ਨਜ਼ਰ ਆ ਰਿਹਾ ਹੈ ਕਿ ਦੋਵੇਂ ਨੌਜਵਾਨ ਜਦੋਂ ਮ੍ਰਿਤਕ ਦੇਹ ਨੂੰ ਮੋਟਰ ਸਾਈਕਲ ਤੋਂ ਹੇਠਾਂ ਉਤਾਰ ਰਹੇ ਸਨ ਤਾਂ ਬਹੁਤ ਸਾਰੇ ਲੋਕ ਉਨ੍ਹਾਂ ਦੇ ਕੋਲੋਂ ਲੰਘ ਰਹੇ ਸਨ ਪਰ ਕਿਸੇ ਨੂੰ ਵੀ ਪਤਾ ਨਹੀਂ ਲੱਗਾ ਹੈ ਕਿ ਉਹ ਮ੍ਰਿਤਕ ਦੇਹ ਸੁੱਟ ਰਹੇ ਹਨ।
ਇਹ ਮਾਮਲਾ ਡਾਬਾ ਇਲਾਕੇ ਤੋਂ ਸਾਹਮਣੇ ਆਇਆ ਹੈ, ਇਸ ਨੌਜਵਾਨ ਦੀ ਪਛਾਣ ਪ੍ਰਦੀਪ ਤਿਵਾੜੀ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨ ਇਹ ਨੌਜਵਾਨ ਗੋਲਗੱਪੇ ਖਾਣ ਲਈ ਘਰੋਂ ਗਿਆ ਸੀ ਪਰ ਵਾਪਸ ਨਹੀਂ ਪਰਤਿਆ। ਇਸ ਮਗਰੋਂ ਤੜਕਸਾਰ ਭੇਤਭਰੇ ਹਲਾਤਾਂ ਵਿਚ ਉਸ ਦੀ ਮ੍ਰਿਤਕ ਦੇਹ ਮਿਲੀ, ਜਿਸ ਮਗਰੋਂ ਪਰਿਵਾਰ ਵੱਲੋਂ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਗਿਆ ਹੈ।