Bir Singh apologises : ਹਾਲ ਹੀ ਵਿਚ ਸ਼੍ਰੀਨਗਰ ਵਿਕੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਸੈਮੀਨਾਰ ਦੌਰਾਨ ਪੰਜਾਬੀ ਗਾਇਕ ਬੀਰ ਸਿੰਘ ਨੇ ਪੇਸ਼ਕਾਰੀ ਕੀਤੀ। ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਗਾਇਕ ਨੇ ਗਾਣਾ ਗਾਇਆ ਜਿਸ ‘ਤੇ ਲੋਕਾਂ ਨੇ ਭੰਗੜੇ ਵੀ ਪਾਏ। ਇਸ ਦੀ ਵੀਡੀਓ ਵਾਇਰਲ ਹੋਣ ਮਗਰੋਂ ਇਹ ਮੁੱਦਾ ਭਖ ਗਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਸ਼ਾ ਵਿਭਾਗ ਨੇ ਸੈਮੀਨਾਰ ਦੌਰਾਨ ਨੱਚਣ-ਗਾਉਣ ਤੇ ਮਨੋਰੰਜਨ ਪ੍ਰਦਰਸ਼ਨਾਂ ਦੀ ਸਖ਼ਤ ਨਿੰਦਾ ਕੀਤੀ ਕਿਉਂਕਿ ਇਹ ਇੱਕ ਸ਼ਹੀਦੀ ਸਮਾਗਮ ਸੀ। ਹੁਣ ਗਾਇਕ ਬੀਰ ਸਿੰਘ ਨੇ ਜਨਤਕ ਤੌਰ ‘ਤੇ ਆਪਣੀ ਗਲਤੀ ਮੰਨਦੇ ਹੋਏ ਮੁਆਫ਼ੀ ਮੰਗੀ ਹੈ।
ਉਸ ਨੇ ਕਿਹਾ ਕਿ ਮੈਂ ਕਬੂਲ ਕਰਦਾ ਹਾਂ ਕਿ ਮੇਰੀ ਅਣਗਹਿਲੀ ਕਾਰਨ ਗਲਤੀ ਹੋਈ ਹੈ। ਮੈਂ ਆਪਣਾ ਫਰਜ਼ ਸਮਝਦੇ ਹੋਏ ਅੱਜ ਸ਼ਾਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਵਾਂਗਾ ਤੇ ਭਵਿੱਖ ਵਿਚ ਅਜਿਹੀ ਗਲਤੀ ਨਹੀਂ ਹੋਵੇਗੀ। ਅਕਾਲ ਤਖਤ ਸਾਹਿਬ, ਜਥੇਦਾਰ ਸਾਹਿਬ ਅਤੇ ਪੂਰੀ ਸਿੱਖ ਕੌਮ ਕੋਲੋਂ ਆਪਣੀ ਭੁੱਲ ਲਈ ਮਾਫੀ ਮੰਗੀ ਅਤੇ ਕਿਹਾ ਕਿ ਉਹ ਜੋ ਵੀ ਸੇਵਾ ਵਜੋਂ ਹੁਕਮ ਮਿਲੇ, ਉਹ ਕਬੂਲ ਕਰਨ ਨੂੰ ਤਿਆਰ ਹੈ। ਬੀਰ ਸਿੰਘ ਨੇ ਇੱਕ ਲਿਖਤੀ ਬਿਆਨ ਵਿਚ ਕਿਹਾ ਕਿ ਉਹ ਆਸਟਰੇਲੀਆ ਤੋਂ ਸਿੱਧਾ ਸ਼੍ਰੀਨਗਰ ਪਹੁੰਚਿਆ ਸੀ, ਉਥੇ ਪਹੁੰਚਣ ਤੋਂ ਬਾਅਦ ਫੋਨ ਨੈਟਵਰਕ ਆਦਿ ਵੀ ਕੰਮ ਕਰਨਾ ਬੰਦ ਕਰ ਗਏ। ਉਸ ਦੀ ਮੈਨੇਜਮੈਂਟ ਨੇ ਪ੍ਰੋਗਰਾਮ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ, ਜਿਸ ਕਰਕੇ ਉਹ ਸਿੱਧਾ ਸਟੇਜ ‘ਤੇ ਚੜ੍ਹ ਗਿਆ। ਦਰਸ਼ਕਾਂ ਵੱਲ ਧਿਆਨ ਹੋਣ ਕਰਕੇ ਉਸ ਨੇ ਸਟੇਜ ਦੇ ਪਿੱਛੇ ਲੱਗਾ ਬੈਨਰ ਨਹੀਂ ਵੇਖਿਆ, ਜਿਸ ‘ਚ ਦਰਸਾਇਆ ਗਿਆ ਸੀ ਕਿ ਇਹ ਸਮਾਗਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ ਹੈ। ਜਦੋਂ ਉਸ ਨੂੰ ਇਸ ਗੱਲ ਦਾ ਅਹਿਸਾਸ ਹੋਇਆ, ਤਾਂ ਤੁਰੰਤ ਸੰਗਤ ਤੋਂ ਮਾਫੀ ਮੰਗੀ ਗਈ ਅਤੇ ਮਰਿਆਦਾ ਮੁਤਾਬਕ ਜੋੜੇ ਲੁਆ ਕੇ “ਸਲੋਕ ਮਹਲਾ ਨੌਵਾਂ” ਵੀ ਪੜ੍ਹਿਆ।
ਬੀਰ ਸਿੰਘ ਨੇ ਆਪਣੀ ਮੈਨੇਜਮੈਂਟ ਨੂੰ ਤੁਰੰਤ ਬਰਖਾਸਤ ਕਰ ਦਿੱਤਾ ਅਤੇ ਭਵਿੱਖ ‘ਚ ਇਹ ਯਕੀਨੀ ਬਣਾਉਣ ਦਾ ਵਾਅਦਾ ਕੀਤਾ ਕਿ ਸਿੱਖ ਇਤਿਹਾਸ ਨਾਲ ਜੁੜੇ ਸਮਾਗਮਾਂ ਵਿੱਚ ਪੂਰੀ ਮਰਿਆਦਾ ਰੱਖੀ ਜਾਵੇਗੀ। ਬੀਰ ਸਿੰਘ ਨੇ ਕਿਹਾ ਕਿ “ਮੈਂ ਸਿੱਖ ਬੱਚਾ ਹਾਂ, ਗੁਰੂ ਸਾਹਿਬ ਅਤੇ ਸਿੱਖ ਸੰਗਤ ਬਖ਼ਸ਼ਣਯੋਗ ਹੈ ਜੀ। ਭਵਿੱਖ ‘ਚ ਇਹੋ ਜਿਹੀਆਂ ਗਲਤੀਆਂ ਦੁਬਾਰਾ ਨਹੀਂ ਹੋਣਗੀਆਂ।”