ਲਗਾਤਾਰ ਲੋਕਾਂ ਨਾਲ ਧੋਖਾਧੜੀ ਦੇ ਮਾਮਲਿਆਂ ਵਿੱਚ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ, ਹੁਣ ਪੈਸੇ ਦੇ ਲਾਲਚ ਨੂੰ ਲੈਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਕੇ ਲੱਖਾਂ ਰੁਪਏ ਬਟੋਰਦੇ ਨਜ਼ਰ ਆ ਰਹੇ ਹਨ। ਅਜਿਹਾ ਮਾਮਲਾ ਬਰਨਾਲਾ ਦੇ ਪਿੰਡ ਚੀਮਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਵਿਅਕਤੀ ਵੱਲੋਂ ਆਪਣੇ ਪੁੱਤ ਦਾ ਵਿਆਹ ਕਰਨ ਤੋਂ ਬਾਅਦ ਉਸ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ।
ਇਸ ਮਾਮਲੇ ਸੰਬੰਧੀ ਪੁਲਿਸ ਚੌਂਕੀ ਪੱਖੋਂ ਕੈਂਚੀਆਂ ਦੇ ਇੰਚਾਰਜ ASI ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਿੰਡ ਚੀਮਾ ਦੇ ਰਹਿਣ ਵਾਲੇ ਗੁਰਜੰਟ ਸਿੰਘ ਪੁੱਤਰ ਨਾਹਰ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸਦੇ ਪੁੱਤਰ ਦਾ ਧੋਖੇ ਨਾਲ ਵਿਆਹ ਕਰਕੇ ਉਨ੍ਹਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ ਸੀ। ਜਿਸ ਨੂੰ ਲੈਕੇ ਇਸ ਮਾਮਲੇ ਦੀ ਪੁਲਿਸ ਵੱਲੋਂ ਡੰਘਾਈ ਨਾਲ ਜਾਂਚ ਕੀਤੀ ਗਈ। ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਲੁਧਿਆਣਾ ਦੇ ਰਹਿਣ ਵਾਲੇ ਇੱਕ 6 ਮੈਂਬਰੀ ਗੈਂਗ ਵੱਲੋਂ ਭੋਲੇ-ਭਾਲੇ ਲੋਕਾਂ ਨਾਲ ਜਾਅਲੀ ਵਿਆਹ ਕਰਵਾਕੇ ਲੋਕਾਂ ਨਾਲ ਠੱਗੀ ਕਰ ਰਹੇ ਸਨ।
ਉਹਨਾਂ ਦੱਸਿਆ ਕਿ ਹੁਣ ਤੱਕ ਇਹ ਪੰਜਾਬ,ਹਰਿਆਣਾ ਤੇ ਹਿਮਾਚਲ ਵਿੱਚ ਤਿੰਨ ਵਿਆਹ ਕਰਵਾ ਚੁੱਕੇ ਸਨ ਅਤੇ 15 ਜੁਲਾਈ ਨੂੰ ਹਰਿਆਣਾ ਵਿੱਚ ਇੱਕ ਹੋਰ ਵਿਆਹ ਕਰਾਉਣ ਦੀ ਝਾਕ ਵਿੱਚ ਸਨ। ਜਿੱਥੇ ਪਹਿਲਾਂ ਇਹ ਲੜਕੀ ਦਾ ਵਿਆਹ ਕਰਵਾ ਦਿੰਦੇ ਸਨ ਅਤੇ ਇੱਕ ਹਫਤੇ ਬਾਅਦ ਲੜਕੀ ਆਪਣੇ ਪਤੀ ਨਾਲ ਲੜਾਈ ਝਗੜਾ ਕਰਨ ਲੱਗ ਪੈਂਦੀ ਸੀ ਅਤੇ ਆਪਣੇ ਜਾਅਲੀ ਬਣੇ ਪਰਿਵਾਰ ਨੂੰ ਬੁਲਾ ਲੈਂਦੀ ਸੀ। ਵਿਆਹੀ ਲੜਕੀ ਦਾ ਅਸਲੀ ਪਤੀ ਉਸਦਾ ਜਾਅਲੀ ਭਰਾ ਬਣ ਕੇ ਇੱਕ ਹਫਤੇ ਬਾਅਦ ਉਸ ਨੂੰ ਲੈ ਜਾਂਦਾ ਸੀ। ਜਿਸ ਤੋਂ ਬਾਅਦ ਆਪਸੀ ਲੜਾਈ ਝਗੜੇ ਨੂੰ ਨਿਬੇੜਨ ਲਈ ਲੜਕੇ ਦੇ ਪਰਿਵਾਰ ਤੋਂ ਲੱਖਾਂ ਰੁਪਏ ਹੋਰ ਵਸੂਲ ਕਰ ਲੈਂਦੀਸਨ।
ਪੁਲਿਸ ਚੌਂਕੀ ਇੰਚਾਰਜ ਸਰਬਜੀਤ ਸਿੰਘ ਨੇ ਵੱਡੇ ਖੁਲਾਸੇ ਕਰਦੇ ਕਿਹਾ ਕਿ ਲੁਧਿਆਣਾ ਦੇ ਰਹਿਣ ਵਾਲੇ ਇਸ ਗੈਂਗ ਦੇ ਸਾਰੇ ਲੋਕ ਜਾਅਲੀ ਆਧਾਰ ਕਾਰਡ ਬਣਾ ਲੈਂਦੇ ਸਨ, ਤਾਂ ਜੋ ਅੱਗੇ ਵੀ ਹੋਰ ਭੋਲੇ-ਭੋਲੇ ਲੋਕਾਂ ਨਾਲ ਠੱਗੀ ਮਾਰ ਸਕਣ। ਕਿਸੇ ਮਾਮਲੇ ਵਿੱਚ ਵਿਆਹ ਕਰਵਾਉਣ ਵਾਲੀ ਲੜਕੀ ਦਾ ਅਸਲੀ ਨਾਮ 24 ਸਾਲ ਦੀ ਪ੍ਰਿੰਯਕਾ ਜੈਨ ਉਰਫ ਪੱਲਵੀ ਹੈ ਜੋ ਵੱਖੋ ਵੱਖਰੇ ਨਾਮ ਬਦਲ ਕੇ ਲੋਕਾਂ ਨਾਲ ਧੋਖਾਧੜੀ ਕਰਦੇ ਸੀ।
ਇਸ ਮੌਕੇ ਏਐਸਆਈ ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਧੋਖਾਧੜੀ ਕਰਨ ਵਾਲੇ ਇਸ ਗੈਂਗ ਦੇ 6 ਵਿਅਕਤੀਆਂ ਖਿਲਾਫ 318(4), 338, 336, 340(2), 308(2), 61(2), BNS ਤਹਿਤ ਪੁਲਿਸ ਥਾਣਾ ਸਦਰ ਬਰਨਾਲਾ ਵਿੱਚ ਮੁਕਦਮਾ ਨੰਬਰ 105 ਦਰਜ ਕੀਤਾ ਗਿਆ ਹੈ। ਵਿਆਹ ਕਰਵਾਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਪੰਜ ਮੈਂਬਰੀ ਗੈਂਗ ਦੇ ਵਿੱਚ 4 ਮਹਿਲਾਵਾਂ ਸਮੇਤ ਇੱਕ ਵਿਅਕਤੀ ਖਿਲਾਫ ਮੁਕਦਮਾ ਦਰਜ ਕੀਤਾ ਗਿਆ। ਜਿਹਨਾਂ ਵਿੱਚੋਂ ਵਿਆਹ ਕਰਵਾਉਣ ਵਾਲੀ ਲੜਕੀ ਮੁੱਖ ਲੜਕੀ ਪ੍ਰਿੰਕਾ ਜੈਨ ਉਰਫ਼ ਪਲਵੀ , ਪਿੰਕੀ ਪਤਨੀ ਸ਼ਿੰਗਾਰਾ ਸਿੰਘ ਅਤੇ ਰਾਧੇ ਪੁੱਤਰ ਰਾਮ ਸਿੰਘ, ਵਾਸੀ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਗੈਂਗ ਦੀਆਂ ਵਿੱਚ ਦੋ ਹੋਰ ਔਰਤਾਂ ਦੀ ਗ੍ਰਿਫਤਾਰੀ ਅਜੇ ਬਾਕੀ ਦੱਸੀ ਜਾ ਰਹੀ ਹੈ।