ਲੁਧਿਆਣਾ ਪੱਛਮੀ ਵਿਧਾਨ ਸਭਾ ਉਪ ਚੋਣਾਂ ਵਿਚ ਹੁਣੇ ਜਿਹੇ ਮਿਲੀ ਜਿੱਤ ਦੇ ਬਾਅਦ ਸਾਂਸਦ ਸੰਜੀਵ ਅਰੋੜਾ ਨੇ ਅਧਿਕਾਰਕ ਤੌਰ ਤੋਂ ਰਾਜ ਸਭਾ ਤੋਂ ਅਸਤੀਫਾ ਦਿੱਤਾ ਹੈ। ਉਨ੍ਹਾਂ ਨੇ ਅੱਜ ਨਵੀਂ ਦਿੱਲੀ ਵਿਚ ਉਪ ਰਾਸ਼ਟਰਪਤੀ ਰਿਹਾਇਸ਼ ਵਿਚ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣਾ ਅਸਤੀਫਾ ਸੌਂਪਿਆ।
ਉਨ੍ਹਾਂ ਨੇ ਸੰਵਿਧਾਨਕ ਵਿਵਸਥਾਵਾਂ ਦਾ ਹਵਾਲਾ ਦਿੱਤਾ ਜੋ ਚੋਣ ਨਤੀਜਿਆਂ ਸਬੰਧੀ 24 ਜੂਨ 2025 ਦੀ ਰਾਜ ਸਭਾ ਅਧਿਸੂਚਨਾ ਦੇ 14 ਦਿਨਾਂ ਦੇ ਅੰਦਰ ਸੰਸਦ ਤੇ ਰਾਜ ਵਿਧਾਨ ਮੰਡਲ ਦੋਵਾਂ ਵਿਚ ਇਕੱਠੇ ਮੈਂਬਰਸ਼ਿਪ ‘ਤੇ ਰੋਕ ਲਗਾਉਂਦੇ ਹਨ। ਲਗਾਤਾਰ ਤਿੰਨ ਸਾਲਾਂ ਤੱਕ ਉਚ ਸਦਨ ਵਿਚ ਸੇਵਾ ਦੇਣ ਵਾਲੇ ਅਰੋੜਾ ਨੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਦੇ ਲੋਕਾਂ, ਸਾਥੀ ਸਾਂਸਦਾਂ ਤੇ ਰਾਜ ਸਭਾ ਦੇ ਚੇਅਰਮੈਨ ਦੇ ਸਮਰਥਨ ਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਅਰੋੜਾ ਨੇ ਤਿਆਗ ਪੱਤਰ ਵਿਚ ਕਿਹਾ ਰਾਜ ਸਭਾ ਦੇ ਮੈਂਬਰ ਵਜੋਂ ਸੇਵਾ ਕਰਨਾ ਤੇ ਰਾਸ਼ਟਰੀ ਪੱਧਰ ‘ਤੇ ਕਾਨੂੰਨੀ ਪ੍ਰਕਿਰਿਆ ਵਿਚ ਯੋਗਦਾਨ ਦੇਣਾ ਮੇਰੇ ਲਈ ਸਨਮਾਨ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਚੇਅਰਮੈਨ, ਸਾਥੀ ਮੈਂਬਰਾਂ ਤੇ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਪ੍ਰਤੀ ਦਿਖਾਏ ਗਏ ਵਿਸ਼ਵਾਸ ਤੇ ਸਮਰਥਨ ਦਾ ਧੰਨਵਾਦੀ ਹਾਂ।