ਪੰਜਾਬ ਸਰਕਾਰ ਜੁਲਾਈ ਤੋਂ ਸਤੰਬਰ ਤਿਮਾਹੀ ਦੌਰਾਨ ਲਗਭਗ 8,500 ਕਰੋੜ ਰੁਪਏ ਦਾ ਨਵਾਂ ਕਰਜ਼ਾ ਲੈਣ ਜਾ ਰਹੀ ਹੈ। ਇਹ ਕਰਜ਼ਾ ਭਾਰਤੀ ਰਿਜ਼ਰਵ ਬੈਂਕ (RBI) ਦੀ ਪ੍ਰਵਾਨਗੀ ਦੇ ਅਧੀਨ ਹੋਵੇਗਾ ਅਤੇ ਇਸ ਨੂੰ ਬਾਜ਼ਾਰ ਤੋਂ ਇਕੱਠਾ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਸਰਕਾਰ ਜੁਲਾਈ ਵਿੱਚ 2,000 ਕਰੋੜ ਰੁਪਏ, ਅਗਸਤ ਵਿੱਚ 3,000 ਕਰੋੜ ਰੁਪਏ ਅਤੇ ਸਤੰਬਰ ਵਿੱਚ 3,500 ਕਰੋੜ ਰੁਪਏ ਦਾ ਕਰਜ਼ਾ ਲਵੇਗੀ।
ਇਸ ਤੋਂ ਪਹਿਲਾਂ ਸਰਕਾਰ ਅਪ੍ਰੈਲ ਅਤੇ ਮਈ ਵਿੱਚ 6,241.92 ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੀ ਹੈ। ਕੁੱਲ ਮਿਲਾ ਕੇ ਮੌਜੂਦਾ ਵਿੱਤੀ ਸਾਲ 2025-26 ਵਿੱਚ ਹੁਣ ਤੱਕ ਲਿਆ ਗਿਆ ਕੁੱਲ ਕਰਜ਼ਾ 14,741.92 ਕਰੋੜ ਰੁਪਏ ਤੱਕ ਪਹੁੰਚ ਜਾਵੇਗਾ। ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਇਸ ਪੂਰੇ ਵਿੱਤੀ ਸਾਲ ਵਿੱਚ 34,201.11 ਕਰੋੜ ਰੁਪਏ ਦਾ ਕਰਜ਼ਾ ਇਕੱਠਾ ਕਰਨ ਦਾ ਟੀਚਾ ਰੱਖਿਆ ਹੈ। ਮਾਰਚ 2024 ਤੱਕ ਸੂਬੇ ਦਾ ਕੁੱਲ ਬਕਾਇਆ ਕਰਜ਼ਾ ₹3.82 ਲੱਖ ਕਰੋੜ ਸੀ, ਜੋ ਕਿ ਪੰਜਾਬ ਦੇ ਕੁੱਲ ਰਾਜ ਘਰੇਲੂ ਉਤਪਾਦ (GSDP) ਦੇ 44 ਪ੍ਰਤੀਸ਼ਤ ਤੋਂ ਵੱਧ ਹੈ।