ਗਾਂਧੀ ਨਗਰ ਮਾਰਕੀਟ ਵਿੱਚ ਮਸ਼ਹੂਰ ਪੰਚਰਤਨ ਹੌਜ਼ਰੀ ਦਾ ਹੈ ਮਾਲਕ
ਲੁਧਿਆਣਾ, 26 ਜੂਨ
ਪੰਜਾਬ ਦੇ ਸਭ ਤੋਂ ਵੱਡੀ ਹੌਜ਼ਰੀ ਦੀ ਥੋਕ ਮਾਰਕੀਟ ਗਾਂਧੀ ਨਗਰ ਵਿੱਚ ਹੌਜ਼ਰੀ ਚਲਾਉਣ ਵਾਲੇ ਮਸ਼ਹੂਰ ਹੌਜ਼ਰੀ ਮਾਲਕ ਨੇ ਬੈਂਕ ਵਾਲਿਆਂ ਤੋਂ ਪਰੇਸ਼ਾਨ ਹੋ ਕੇ ਆਪਣੀ ਪਤਨੀ ਸਣੇ ਵੀਰਵਾਰ ਸਵੇਰੇ ਵੱਡਾ ਕਦਮ ਚੁੱਕਿਆ। ਹੌਜ਼ਰੀ ਕਾਰੋਬਾਰੀ ਨੇ ਆਪਣੀ ਫੈਕਟਰੀ ਦੀ ਦੁਕਾਨ ਵਿੱਚ ਹੀ ਆਪਣੀਪਤਨੀ ਦੇ ਨਾਲ ਮਿਲ ਕੇ ਜ਼ਹਿਰ ਨਿਗਲ ਲਿਆ। ਜਦੋਂ ਉਨ੍ਹਾਂ ਦਾ ਪੁੱਤਰ ਦੁਕਾਨ ’ਤੇ ਆਇਆ ਤਾਂ ਉਸਨੂੰ ਸਭ ਕੁੱਝ ਪਤਾ ਚੱਲਿਆ, ਤੁਰੰਤ ਉਸਨੇ ਆਸਪਾਸ ਦੇ ਲੋਕਾਂ ਦੀ ਮਦਦ ਦੇ ਨਾਲ ਆਪਣੇ ਮਾਪਿਆਂ ਨੂੰ ਚੁੱਕ ਕੇ ਡੀਐਮਸੀ ਹਸਪਤਾਲ ਪਹੁੰਚਾਇਆ, ਜਿਥੇ ਪੁੱਜਦੇ ਹੀ ਡਾਕਟਰਾਂ ਨੇ ਦੋਵਾਂ ਨੂੰ ਮਿ੍ਰਤਕ ਐਲਾਨ ਦਿੱਤਾ। ਮਿ੍ਰਤਕਾਂ ਦੀ ਪਛਾਣ ਮਸ਼ਹੂਰ ਪੰਚਰਤਨ ਹੌਜ਼ਰੀ ਦੇ ਮਾਲਕ ਜਸਬੀਰ ਸਿੰਘ (60) ਅਤੇ ਕੁਲਦੀਪ ਕੌਰ (59) ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਬੈਂਕ ਅਧਿਕਾਰੀਆਂ ਤੋਂ ਪਰੇਸ਼ਾਨ ਹੋ ਕੇ ਜੋੜੇ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਕਰੀਬ ਇੱਕ ਹਫ਼ਤਾ ਪਹਿਲਾਂ ਬੈਂਕ ਅਧਿਕਾਰੀਆਂ ਨੇ ਉਨ੍ਹਾਂ ਨਾਲ ਬਹੁਤ ਮਾੜਾ ਵਿਵਹਾਰ ਕੀਤਾ ਸੀ ਅਤੇ ਕਈ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਕਬਜ਼ੇ ਵਿੱਚੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ ਜਿਸ ਵਿੱਚ ਬੈਂਕ ਅਧਿਕਾਰੀਆਂ ਵੱਲੋਂ ਦਿੱਤੀਆਂ ਗਈਆਂ ਪਰੇਸ਼ਾਨੀਆਂ ਅਤੇ ਧਮਕੀਆਂ ਦਾ ਜ਼ਿਕਰ ਕੀਤਾ ਗਿਆ ਹੈ। ਪੁਲੀਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ। ਫਿਲਹਾਲ ਪੁਲੀਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਗਊਸ਼ਾਲਾ ਰੋਡ ’ਤੇ ਹਰਬੰਸਪੁਰਾ ਇਲਾਕੇ ਵਿੱਚ ਰਹਿਣ ਵਾਲੇ ਜਸਵੀਰ ਸਿੰਘ ਦੀ ਗਾਂਧੀਨਗਰ ਮਾਰਕੀਟ ਵਿੱਚ ਪੰਚਰਤਨ ਹੌਜ਼ਰੀ ਨਾਮ ਦੀ ਫੈਕਟਰੀ ਹੈ ਅਤੇ ਉਸਦੀ ਦੁਕਾਨ ਫੈਕਟਰੀ ਦੇ ਬਿਲਕੁਲ ਹੇਠਾਂ ਹੈ। ਕੁਝ ਸਮਾਂ ਪਹਿਲਾਂ, ਉਸਨੇ ਇੱਕ ਪ੍ਰਾਈਵੇਟ ਬੈਂਕ ਤੋਂ ਕਰਜ਼ਾ ਲਿਆ ਸੀ। ਕਰੀਬ ਇੱਕ ਹਫ਼ਤਾ ਪਹਿਲਾਂ ਬੈਂਕ ਅਧਿਕਾਰੀ ਘਰ ਆਏ ਅਤੇ ਬਜ਼ੁਰਗ ਜੋੜੇ ਨਾਲ ਮਾੜਾ ਚੰਗਾ ਵਿਵਹਾਰ ਕੀਤਾ ਅਤੇ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ। ਜਦੋਂ ਜਸਵੀਰ ਸਿੰਘ ਦੇ ਪੁੱਤਰ ਨੇ ਦਖਲ ਦਿੱਤਾ ਤਾਂ ਬੈਂਕ ਅਧਿਕਾਰੀਆਂ ਨੇ ਉਸਨੂੰ ਵੀ ਧਮਕੀਆਂ ਦਿੱਤੀਆਂ ਅਤੇ ਉਨ੍ਹਾਂ ਦੇ ਘਰ ’ਤੇ ਕਬਜ਼ਾ ਕਰਨ ਦੀ ਗੱਲ ਵੀ ਕੀਤੀ। ਬੈਂਕ ਅਧਿਕਾਰੀਆਂ ਦੇ ਮਾੜੇ ਰਵਈਏ ਕਾਰਨ ਜਸਵੀਰ ਸਿੰਘ ਅਤੇ ਉਸਦੀ ਪਤਨੀ ਬਹੁਤ ਪਰੇਸ਼ਾਨ ਸਨ। ਗਰਮੀਆਂ ਦੀਆਂ ਛੁੱਟੀਆਂ ਕਾਰਨ ਗਾਂਧੀਨਗਰ ਮਾਰਕੀਟ ਬੰਦ ਸੀ, ਪਰ ਇਸ ਦੇ ਬਾਵਜੂਦ ਜਸਵੀਰ ਸਿੰਘ ਅਤੇ ਉਸਦੀ ਪਤਨੀ ਰੋਜ਼ਾਨਾ ਦੁਕਾਨ ’ਤੇ ਜਾਂਦੇ ਸਨ। ਹਰ ਰੋਜ਼ ਦੀ ਤਰ੍ਹਾਂ ਵੀਰਵਾਰ ਸਵੇਰੇ ਵੀ ਉਹ ਸਵੇਰੇ 8:30 ਵਜੇ ਦੇ ਕਰੀਬ ਘਰ ਤੋਂ ਦੁਕਾਨ ’ਤੇ ਪਹੁੰਚਿਆ ਅਤੇ ਪਰੇਸ਼ਾਨੀ ਕਾਰਨ ਉਨ੍ਹਾਂ ਨੇ ਜ਼ਹਿਰੀਲਾ ਪਦਾਰਥ ਖਾ ਲਿਆ। ਸਵੇਰੇ ਲਗਭਗ 11:00 ਵਜੇ ਜਦੋਂ ਜਸਵੀਰ ਸਿੰਘ ਦਾ ਪੁੱਤਰ ਗਗਨਦੀਪ ਸਿੰਘ ਜਿੰਮ ਵਿੱਚ ਕਸਰਤ ਕਰਨ ਤੋਂ ਬਾਅਦ ਦੁਕਾਨ ’ਤੇ ਪਹੁੰਚਿਆ, ਤਾਂ ਦੋਵੇਂ ਲੇਟ ਗਏ ਸਨ। ਜਦੋਂ ਉਸਨੇ ਉਨ੍ਹਾਂ ਨੂੰ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਸਵੀਰ ਸਿੰਘ ਨੇ ਆਪਣੇ ਪੁੱਤਰ ਨੂੰ ਦੱਸਿਆ ਕਿ ਉਨ੍ਹਾਂ ਨੇ ਜ਼ਹਿਰੀਲਾ ਪਦਾਰਥ ਖਾ ਲਿਆ ਹੈ ਅਤੇ ਉਨ੍ਹਾਂ ਦੇ ਬਚਣ ਦੀ ਕੋਈ ਉਮੀਦ ਨਹੀਂ ਹੈ। ਇਹ ਸੁਣ ਕੇ ਗਗਨਦੀਪ ਨੇੜਲੇ ਲੋਕਾਂ ਦੀ ਮਦਦ ਨਾਲ ਆਪਣੇ ਮਾਪਿਆਂ ਨੂੰ ਡੀਐਮਸੀ ਹਸਪਤਾਲ ਲੈ ਗਿਆ ਜਿੱਥੇ ਕੁਝ ਸਮੇਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਇੰਸਪੈਕਟਰ ਗਗਨਦੀਪ ਸਿੰਘ ਨੇ ਕਿਹਾ ਕਿ ਪੁਲੀਸ ਨੇ ਸੁਸਾਈਡ ਨੋਟ ਬਰਾਮਦ ਕਰ ਲਿਆ ਹੈ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਮੁਲਜ਼ਮ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਬੈਂਕ ਅਧਿਕਾਰੀਆਂ ਤੋਂ ਪਰੇਸ਼ਾਨ ਹੋ ਕੇ ਲੁਧਿਆਣਾ ਮਸ਼ਹੂਰ ਕਾਰੋਬਾਰੀ ਨੇ ਪਤਨੀ ਸਣੇ ਚੁੱਕਿਆ ਵੱਡਾ ਕਦਮ, ਕੀਤੀ ਜੀਵਨ ਲੀਲਾ ਸਮਾਪਤ




