ਪੰਜਾਬ ਵਿਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਬੁਲਡੋਜ਼ਰ ਐਕਸ਼ਨ ਜਾਰੀ ਹੈ। ਇਸੇ ਅਧੀਨ ਲੁਧਿਆਣਾ ਵਿੱਚ ਨਸ਼ਾ ਤਸਕਰਾਂ ਵਿਰੁੱਧ ਪੁਲਿਸ ਨੇ ਕਾਰਵਾਈ ਕੀਤੀ ਹੈ। ਪੁਲਿਸ ਨੇ ਅੱਜ ਨਸ਼ਾ ਤਸਕਰਾਂ ਦੇ ਘਰਾਂ ‘ਤੇ ਬੁਲਡੋਜ਼ਰ ਚਲਾ ਦਿੱਤਾ। ਇਹ ਕਾਰਵਾਈ ਕੁਝ ਦਿਨ ਪਹਿਲਾਂ ਸਾਹਨੇਵਾਲ ਇਲਾਕੇ ਵਿੱਚ ਕੀਤੀ ਗਈ ਕਾਰਵਾਈ ਦਾ ਹੀ ਇੱਕ ਹਿੱਸਾ ਹੈ। ਭਾਰੀ ਪੁਲਿਸ ਫੋਰਸ ਦੀ ਮੌਜੂਦਗੀ ਵਿੱਚ ਨਸ਼ਾ ਤਸਕਰਾਂ ਦੇ ਘਰਾਂ ਨੂੰ ਢਾਹ ਦਿੱਤਾ ਗਿਆ। ਇਹ ਕਾਰਵਾਈ ਨਸ਼ਾ ਤਸਕਰਾਂ ਵਿੱਚ ਸ਼ਾਮਲ ਮਾਂ-ਪੁੱਤਰ ਵਿਰੁੱਧ ਕੀਤੀ ਗਈ ਹੈ।
ਪੁਲਿਸ ਮੁਤਾਬਕ ਇਨ੍ਹਾਂ ਨਸ਼ਾ ਤਸਕਰਾਂ ਨੇ ਨਿਗਮ ਦੀ ਜਗ੍ਹਾ ‘ਤੇ ਕਬਜ਼ਾ ਕਰ ਲਿਆ ਸੀ ਅਤੇ ਨਸ਼ਿਆਂ ਦੀ ਕਮਾਈ ਤੋਂ ਜਾਇਦਾਦ ਬਣਾਈ ਸੀ। ਇਸ ਕਾਰਨ ਅੱਜ ਪੀਲੇ ਪੰਜੇ (ਜੇਸੀਬੀ) ਦੀ ਵਰਤੋਂ ਕਰਕੇ ਇਮਾਰਤ ਨੂੰ ਢਾਹ ਦਿੱਤਾ ਗਿਆ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਇਹ ਕਾਰਵਾਈ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਕੀਤੀ ਗਈ ਹੈ।
ਨਸ਼ਾ ਤਸਕਰਾਂ ਵਿਰੁੱਧ ਹੁਣ ਤੱਕ ਕੁੱਲ 15 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਤਸਕਰਾਂ ਨੇ ਨਿਗਮ ਦੀ ਪਾਰਕਿੰਗ ਜਗ੍ਹਾ ‘ਤੇ ਕਬਜ਼ਾ ਕਰ ਲਿਆ ਸੀ, ਜਿਸ ਨੂੰ ਅੱਜ ਮੁਕਤ ਕਰ ਦਿੱਤਾ ਗਿਆ ਹੈ। ਨਸ਼ਾ ਤਸਕਰਾਂ ਵਿਰੁੱਧ ਸਾਰੇ ਮਾਮਲੇ ਐਨਡੀਪੀਐਸ ਐਕਟ ਤਹਿਤ ਦਰਜ ਹਨ। ਨਸ਼ਾ ਤਸਕਰਾਂ ਵਿੱਚ ਮਾਂ-ਪੁੱਤ ਅਤੇ ਇੱਕ ਹੋਰ ਵਿਅਕਤੀ ਸ਼ਾਮਲ ਹੈ। ਕੁੱਲ ਤਿੰਨ ਲੋਕ ਸ਼ਾਮਲ ਹਨ, ਜੋ ਘੋੜਾ ਕਾਲੋਨੀ ਵਿੱਚ ਇੱਕ ਡਰੱਗ ਨੈੱਟਵਰਕ ਚਲਾ ਰਹੇ ਹਨ।