ਬਿਕਰਮ ਮਜੀਠੀਆ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅੱਜ ਬਿਕਰਮ ਮਜੀਠੀਆ ਦੀ ਕੋਰਟ ਵਿਚ ਪੇਸ਼ੀ ਹੋਵੇਗੀ ਤੇ ਵਿਜੀਲੈਂਸ ਵੱਲੋਂ ਰਿਮਾਂਡ ਹਾਸਲ ਕੀਤਾ ਜਾਵੇਗਾ। ਦੱਸ ਦੇਈਏ ਬੀਤੇ ਦਿਨੀਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਬਿਕਰਮ ਮਜੀਠੀਆ ‘ਤੇ ਵੱਡੀ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਇਸ ਗ੍ਰਿਫਤਾਰੀ ਦਾ ਅਕਾਲੀ ਦਲ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਵਿਰੋਧੀ ਧਿਰਾਂ ਵੱਲੋਂ ਵੀ ਇਸ ਗ੍ਰਿਫਤਾਰੀ ‘ਤੇ ਸਵਾਲ ਚੁੱਕੇ ਜਾ ਰਹੇ ਹਨ ਕਿ ਬਿਨਾਂ ਸਰਚ ਵਾਰੰਟ ਦਿਖਾਏ ਇਹ ਕਾਰਵਾਈ ਬਿਕਰਮ ਮਜੀਠੀਆ ‘ਤੇ ਕੀਤੀ ਗਈ। ਵਿਜੀਲੈਂਸ ਵੱਲੋਂ ਮਜੀਠੀਆ ਦੇ ਚੰਡੀਗੜ੍ਹ ਤੇ ਅੰਮ੍ਰਿਤਸਰ ਵਾਲੀ ਰਿਹਾਇਸ਼ ‘ਤੇ ਰੇਡ ਕੀਤੀ ਗਈ। 15 ਟਿਕਾਣਿਆਂ ਉਤੇ ਰੇਡ ਕੀਤੀ ਗਈ ਸੀ। ਵਿਜੀਲੈਂਸ ਮੁਤਾਬਕ ਬਿਕਰਮ ਸਿੰਘ ਮਜੀਠੀਆ ਦੇ ਕੰਟਰੋਲ ਵਾਲੀਆਂ ਕੰਪਨੀਆਂ ਦੇ ਬੈਂਕ ਖਾਤਿਆਂ ਵਿੱਚ 161 ਕਰੋੜ ਰੁਪਏ ਦੀ ਵੱਡੀ ਬੇਹਿਸਾਬੀ ਨਕਦੀ ਜਮ੍ਹਾ ਹੈ। ਇਸ ਦੇ ਨਾਲ ਹੀ ਸ਼ੱਕੀ ਵਿਦੇਸ਼ੀ ਸੰਸਥਾਵਾਂ ਰਾਹੀਂ 141 ਕਰੋੜ ਰੁਪਏ ਦਾ ਲੈਣ-ਦੇਣ, ਕੰਪਨੀ ਦੇ ਵਿੱਤੀ ਵੇਰਵਿਆਂ (ਸਟੇਟਮੈਂਟਾਂ) ਵਿੱਚ ਬਿਨਾਂ ਕਿਸੇ ਜਾਣਕਾਰੀ/ ਸਪੱਸ਼ਟੀਕਰਨ ਦੇ 236 ਕਰੋੜ ਰੁਪਏ ਦੀ ਵਾਧੂ ਜਮ੍ਹਾਂ ਰਾਸ਼ੀ ਅਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਆਮਦਨ ਦੇ ਕਿਸੇ ਜਾਇਜ਼ ਸਰੋਤ ਤੋਂ ਬਿਨਾਂ ਚੱਲ/ਅਚੱਲ ਜਾਇਦਾਦ ਦੀ ਪ੍ਰਾਪਰਟੀ ਸ਼ਾਮਲ ਹੈ।