ਲੁਧਿਆਣਾ ਪੱਛਮੀ ਤੋਂ ‘ਆਪ’ ਉਮੀਦਵਾਰ ਸੰਜੀਵ ਅਰੋੜਾ ਨੇ ਆਪਣੇ ਪਰਿਵਾਰ ਨਾਲ ਗੁਰੂ ਨਾਨਕ ਪਬਲਿਕ ਸਕੂਲ ਵਿੱਚ ਵੋਟ ਪਾਉਣ ਲਈ ਪਹੁੰਚੇ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ‘ਆਪ’ ਪਾਰਟੀ ਦੇ ਜਿੱਤਣ ਦਾ ਵੱਡਾ ਦਾਅਵਾ ਕੀਤਾ। ਦੱਸ ਦੇਈਏ ਕਿ ਇਸ ਸੀਟ ‘ਤੇ ਕੁੱਲ 1,75,469 ਵੋਟਰ ਹਨ ਜਿਨ੍ਹਾਂ ਲਈ 194 ਵੋਟਰ ਕੇਂਦਰ ਬਣਾਏ ਗਏ ਹਨ।
ਨਤੀਜੇ 23 ਜੂਨ ਨੂੰ ਐਲਾਨੇ ਜਾਣਗੇ। ਇਹ ਸੀਟ ਲਗਭਗ 4 ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਗੋਲੀ ਲੱਗਣ ਨਾਲ ਹੋਈ ਮੌਤ ਦੇ ਬਾਅਦ ਖਾਲੀ ਹੋਈ ਸੀ। ‘ਆਪ’ ਨੇ ਇਸ ਸੀਟ ‘ਤੇ ਆਪਣੇ ਰਾਜ ਸਭਾ ਸਾਂਸਦ ਸੰਜੀਵ ਅਰੋੜਾ ਨੂੰ ਮੈਦਾਨ ਵਿਚ ਉਤਾਰਿਆ ਹੈ। ਵੋਟਿੰਗ ਲਈ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਅੱਜ ਮਤਦਾਨ ਦੇ ਨਾਲ ਹੀ ਰਾਜਨੀਤਕ ਪਾਰਟੀਆਂ ਦੇ ਚੋਣ ਲੜ ਰਹੇ ਨੇਤਾਵਾਂ ਦਾ ਸਿਆਸੀ ਭਵਿੱਖ EVM ਵਿਚ ਕੈਦ ਹੋ ਜਾਵੇਗਾ।