ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਬੀਤੀ ਕੱਲ੍ਹ ਐਕਸ਼ਨ ਮੋਡ ‘ਚ ਨਜ਼ਰ ਆਏ। ਉਨ੍ਹਾਂ ਸਬ ਤਹਿਸੀਲ ਕੰਪਲੈਕਸ ਅਤੇ ਨਗਰ ਕੌਂਸਲ ਜ਼ੀਰਕਪੁਰ ਦਾ ਅਚਨਚੇਤ ਦੌਰਾ ਕੀਤਾ। ਇਸ ਦੌਰਾਨ ਵਿਧਾਇਕ ਨੇ ਆਪਣੇ ਰੂਪ ਬਦਲ ਕੇ ਦਫ਼ਤਰਾਂ ‘ਚ ਛਾਪਾ ਮਾਰਿਆ ਅਤੇ ਉਥੇ ਹੋ ਰਹੀ ਕੰਮਾਂ ਦੀ ਚੈਕਿੰਗ ਕੀਤੀ।
ਦੱਸ ਦੇਈਏ ਕਿ ਅਕਸਰ ਵਿਧਾਇਕ ਕੁਲਜੀਤ ਰੰਧਾਵਾ ਸਿਰ ‘ਤੇ ਦਸਤਾਰ ਸਜਾਈ ਨਜ਼ਰ ਆਉਂਦੇ ਹਨ ਪਰ ਦਫ਼ਤਰਾਂ ‘ਚ ਛਾਪਾ ਮਾਰਨ ਦੌਰਾਨ ਉਹ ਸਿਰ ‘ਤੇ ਟੋਪੀ ਪਾ ਕੇ ਤੇ ਮੂੰਹ ‘ਤੇ ਪਰਨਾ ਬੰਨ੍ਹ ਕੇ ਉੱਥੇ ਪਹੁੰਚੇ, ਤਾਂ ਜੋ ਉਨ੍ਹਾਂ ਨੂੰ ਕੋਈ ਪਹਿਚਾਣ ਨਾ ਸਕੇ। ਇਸ ਦੌਰਾਨ ਉਨ੍ਹਾਂ ਦੇ ਨਾਲ ਕੋਈ ਹੋਰ ਸਾਥੀ ਜਾਂ ਮੁਲਾਜ਼ਮ ਵੀ ਨਹੀਂ ਸੀ। MLA ਨੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਚੈਕਿੰਗ ਕੀਤੀ। ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਲੋਕਾਂ ਦੇ ਕੰਮ ਪਹਿਲ ਦੇ ਆਧਾਰ ‘ਤੇ ਕਰਨ ਦੀ ਹਦਾਇਤ ਦਿੱਤੀ।
ਜਾਣਕਾਰੀ ਮੁਤਾਬਕ ਵਿਧਾਇਕ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਲੋਕਾਂ ਦੇ ਕੰਮ ਦਫਤਰਾਂ ਵਿਚ ਸੁਚੱਜੇ ਢੰਗ ਨਾਲ ਨਹੀਂ ਹੋ ਰਹੇ ਤੇ ਉਨ੍ਹਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਵਿਧਾਇਕ ਨੇ ਅਚਾਨਕ ਦਫਤਰ ਵਿਚ ਛਾਪਾ ਮਾਰਿਆ। ਇਸ ਦੌਰਾਨ ਕੁਝ ਅਧਿਕਾਰੀ ਉਨ੍ਹਾਂ ਨੂੰ ਪਛਾਣ ਵੀ ਨਹੀਂ ਸਕੇ। ਉਨ੍ਹਾਂ ਵੇਖਿਆ ਕਿ ਅਧਿਕਾਰੀ ਕਿਵੇਂ ਕੰਮ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਉਨ੍ਹਾਂ ਵੱਲੋਂ ਕੁਝ ਅਧਿਕਾਰੀਆਂ ਦੀ ਕਲਾਸ ਵੀ ਲਾਈ ਗਈ ਤੇ ਸਹੀ ਢੰਗ ਨਾਲ ਕੰਮ ਕਰਨ ਦੀ ਹਿਦਾਇਤ ਦਿੱਤੀ ਗਈ।