ਪੰਜਾਬ ’ਚੋਂ ਚੁਣ ਕੇ ਦੇਸ਼ ਦੀ ਲੋਕ ਸਭਾ ’ਚ ਗਏ ਇਕ ਮੈਂਬਰ ਪਾਰਲੀਮੈਂਟ ਨੂੰ ਪਿਛਲੇ 16 ਸਾਲਾਂ ’ਚ ਪਹਿਲੀ ਵਾਰ ਸੰਸਦ ਰਤਨ ਐਵਾਰਡ ਲਈ ਚੁਣਿਆ ਗਿਆ ਹੈ। ਦੇਸ਼ ਦੇ 17 ਸੰਸਦ ਮੈਂਬਰਾਂ ਅਤੇ 2 ਸੰਸਦੀ ਸਥਾਈ ਕਮੇਟੀਆਂ, ਜਿਨ੍ਹਾਂ ਨੇ ਇਸ ਤਰ੍ਹਾਂ ਦਾ ਮਹੱਤਵਪੂਰਨ ਯੋਗਦਾਨ ਪਾਇਆ ਹੈ, ਨੂੰ ਸੰਸਦ ਰਤਨ ਪੁਰਸਕਾਰ 2025 ਨਾਲ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂ ਵੀ ਸ਼ਾਮਲ ਹੈ।
ਦੇਸ਼ ਦੇ ਮਰਹੂਮ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਦੀ ਅਗਵਾਈ ’ਚ ਸੰਨ 2010 ’ਚ ਸ਼ੁਰੂ ਪ੍ਰਾਈਮ ਪੁਆਇੰਟ ਫਾਉਂਡੇਸ਼ਨ ਵੱਲੋਂ ਸ਼ੁਰੂ ਕੀਤੇ ਗਏ ਇਸ ਐਵਾਰਡ ਲਈ ਇਸ ਵਾਰ 17 ਮੈਂਬਰ ਪਾਰਲੀਮੈਂਟਾਂ ਤੇ ਦੋ ਲੋਕ ਸਭਾ ਦੀਆਂ ਸਥਾਈ ਕਮੇਟੀਆਂ ਦੇ ਚੇਅਰਮੈਨਾਂ ਨੂੰ ਚੁਣਿਆ ਗਿਆ ਹੈ ਜਿਸ ’ਚ ਖੇਤੀਬਾੜੀ ਤੇ ਕਿਸਾਨ ਭਲਾਈ ਕਮੇਟੀ ਦੇ ਚੇਅਰਮੈਨ ਵਜੋਂ ਸੇਵਾਵਾਂ ਨਿਭਾ ਰਹੇ ਚਰਨਜੀਤ ਸਿੰਘ ਚੰਨੀ ਦੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਪੱਖੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਉਨਾਂ ਦੀ ਇਸ ਉੱਤਮ ਐਵਾਰਡ ਲਈ ਚੋਣ ਕੀਤੀ ਗਈ ਹੈ।
ਇਹ ਐਵਾਰਡ ਮਿਲਣ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਚੰਨੀ ਨੇ ਕਿਹਾ ਕਿ ਇਹ ਮੇਰੇ ਲਈ ਤੇ ਸਾਰੇ ਪੰਜਾਬੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ। ਇਹ ਐਵਾਰਡ 2010 ਵਿਚ ਡਾ. ਅਬਦੁਲ ਕਲਾਮ ਜੀ ਨੇ ਰਾਸ਼ਟਰਪਟੀ ਹੁੰਦਿਆਂ ਸ਼ੁਰੂ ਕੀਤਾ ਸੀ 15 ਸਾਲਾਂ ਵਿਚ ਪਹਿਲੀ ਵਾਰ ਕਿਸੇ ਪੰਜਾਬੀ ਨੂੰ ਸੰਸਦ ਰਤਨ ਦਾ ਐਵਾਰਡ ਮਿਲਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਤੇ ਖੇਤ ਮਜ਼ਦੂਰਾਂ ਦੀ ਭਲਾਈ ਵਾਸਤੇ ਆਵਾਜ਼ ਬੁਲੰਦ ਕਰਨ ਕਰਕੇ ਇਹ ਐਵਾਰਡ ਮਿਲਣ ਜਾ ਰਿਹਾ ਹੈ। ਜਦੋਂ ਤੁਹਾਡੇ ਕੰਮ ਦੀ ਪਛਾਣ ਹੁੰਦੀ ਹੈ ਤਾਂ ਮਾਣ ਮਹਿਸੂਸ ਹੁੰਦਾ ਹੈ।
ਇਸ ਵੱਕਾਰੀ ਪੁਰਸਕਾਰ ਲਈ ਚੁਣੇ ਹੋਰਨਾਂ MPs ਵਿੱਚ ਸਮਿਤਾ ਵਾਘ (ਭਾਜਪਾ), ਅਰਵਿੰਦ ਸਾਵੰਤ (ਸ਼ਿਵ ਸੈਨਾ ਯੂਬੀਟੀ), ਨਰੇਸ਼ ਗਣਪਤ ਮਹਸਕੇ (ਸ਼ਿਵ ਸੈਨਾ), ਵਰਸ਼ਾ ਗਾਇਕਵਾੜ (ਕਾਂਗਰਸ), ਮੇਧਾ ਕੁਲਕਰਨੀ (ਭਾਜਪਾ), ਪ੍ਰਵੀਨ ਪਟੇਲ (ਭਾਜਪਾ), ਰਵੀ ਕਿਸ਼ਨ (ਭਾਜਪਾ), ਨਿਸ਼ੀਕਾਂਤ ਦੂਬੇ (ਭਾਜਪਾ), ਬਿਦਯੁਤ ਬਾਰਨ ਮਹਾਤੋ (ਭਾਜਪਾ), ਪੀਪੀ ਚੌਧਰੀ (ਭਾਜਪਾ), ਮਦਨ ਰਾਠੌਰ (ਭਾਜਪਾ), ਸੀਐਨ ਅੰਨਾਦੁਰਾਈ (ਡੀਐਮਕੇ), ਦਿਲੀਪ ਸੈਕੀਆ (ਭਾਜਪਾ), ਭਰਤਹਰੀ ਮਹਿਤਾਬ(ਭਾਜਪਾ), ਸੁਪ੍ਰਿਆ ਸੂਲੇ (ਐੱਨਸੀਪੀ ਐੱਸਪੀ), ਐੱਨਕੇ ਪ੍ਰੇਮਚੰਦਰਨ (ਆਰਐੱਸਪੀ) ਸ਼ਾਮਲ ਹਨ।