ਰਾਜਪੁਰਾ ਤੋਂ ਚੰਡੀਗੜ੍ਹ ਤੱਕ ਰੇਲਵੇ ਲਾਈਨ ਬਣਾਉਣ ਦਾ ਸੁਪਨਾ ਜਲਦੀ ਹੀ ਹਕੀਕਤ ਵਿੱਚ ਬਦਲ ਜਾਵੇਗਾ। ਇਹ ਟਰੈਕ ਲਗਭਗ 24 ਕਿਲੋਮੀਟਰ ਲੰਬਾ ਹੋਵੇਗਾ। ਕੇਂਦਰ ਸਰਕਾਰ ਨੇ ਇਸ ਮੋਹਾਲੀ-ਰਾਜਪੁਰਾ ਰੇਲ ਲਿੰਕ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਲਈ 202.99 ਕਰੋੜ ਰੁਪਏ ਦਾ ਬਜਟ ਪ੍ਰਬੰਧ ਕੀਤਾ ਗਿਆ ਹੈ।
ਕੇਂਦਰੀ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਦੱਸ ਦੇਈਏ ਕਿ ਇਸ ਨਾਲ ਪਟਿਆਲਾ ਤੇ ਬਠਿੰਡਾ ਤੇ ਹੋਰ ਸਟੇਸ਼ਨਾਂ ਤੋਂ ਚੰਡੀਗੜ੍ਹ ਪਹੁੰਚਣ ਵਿਚ ਬਹੁਤ ਘੱਟ ਸਮਾਂ ਲੱਗੇਗਾ। ਇਹ ਰੇਲਵੇ ਲਾਈਨ ਮੋਹਾਲੀ ਤੋਂ ਸ਼ੰਭੂ ਵਾਇਆ ਬਨੂੜ ਤੋਂ ਰਾਜਪੁਰਾ ਨੂੰ ਜੋੜੇਗੀ। ਇਸ ਨਾਲ ਇਨ੍ਹਾਂ ਸ਼ਹਿਰਾਂ ਵਿੱਚ ਸਿੱਧਾ ਰੇਲ ਸੰਪਰਕ ਸੰਭਵ ਹੋ ਜਾਵੇਗਾ।
ਕੇਂਦਰੀ ਮੰਤਰੀ ਬਿੱਟੂ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਇਸ ਪ੍ਰਾਜੈਕਟ ਨੂੰ ਦੋ ਸਾਲਾਂ ਵਿੱਚ ਪੂਰਾ ਕੀਤਾ ਜਾਵੇ। ਇਸ ਪ੍ਰਾਜੈਕਟ ਦੇ ਪੂਰਾ ਹੋਣ ਨਾਲ, ਪੂਰਾ ਮਾਲਵਾ ਰੇਲਵੇ ਰਾਹੀਂ ਆਪਣੀ ਰਾਜਧਾਨੀ ਨਾਲ ਜੁੜ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰ ਅਤੇ ਰਾਜ ਇਕੱਠੇ ਪੈਸੇ ਦਿੰਦੇ ਸਨ, ਪਰ ਹੁਣ ਇਸ ਪ੍ਰਾਜੈਕਟ ਦੀ ਸਾਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ।