ਪਹਿਲਗਾਮ ਵਿੱਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧੇ ਤਣਾਅ ਦੇ ਮੱਦੇਨਜ਼ਰ ਫਿਰੋਜ਼ਪੁਰ ਛਾਉਣੀ ਬੋਰਡ ਨੇ ਐਤਵਾਰ ਸ਼ਾਮ ਨੂੰ 30 ਮਿੰਟ ਦੀ ‘ਬਲੈਕਆਊਟ’ ਰਿਹਰਸਲ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਛਾਉਣੀ ਖੇਤਰ ਵਿੱਚ ਰਾਤ 9 ਵਜੇ ਤੋਂ 9.30 ਵਜੇ ਤੱਕ ‘ਬਲੈਕਆਊਟ‘ ਅਭਿਆਸ ਕੀਤਾ ਗਿਆ। ਉਨ੍ਹਾਂ ਕਿਹਾ ਕਿ ਰਾਤ 9 ਵਜੇ ਸਾਇਰਨ ਵੱਜਣ ਤੋਂ ਬਾਅਦ ਇਲਾਕੇ ਦੀਆਂ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ।
ਇਸ ਤੋਂ ਪਹਿਲਾਂ ਫਿਰੋਜ਼ਪੁਰ ਛਾਉਣੀ ਬੋਰਡ ਨੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੂੰ ਇਸ ਅਭਿਆਸ ਨੂੰ ਕਰਵਾਉਣ ਸੰਬੰਧੀ ਇੱਕ ਪੱਤਰ ਲਿਖਿਆ ਸੀ। ਪੱਤਰ ਵਿੱਚ ਕਿਹਾ ਗਿਆ, “ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪੂਰੀ ਤਰ੍ਹਾਂ ‘ਬਲੈਕਆਊਟ’ ਦੇ ਮੱਦੇਨਜ਼ਰ ਇਸ ਦੌਰਾਨ ਢੁਕਵੇਂ ਸੁਰੱਖਿਆ ਪ੍ਰਬੰਧ ਯਕੀਨੀ ਬਣਾਓ। ਇਸ ਅਭਿਆਸ ਦਾ ਉਦੇਸ਼ ਯੁੱਧ ਦੇ ਖ਼ਤਰੇ ਦੌਰਾਨ ‘ਬਲੈਕਆਊਟ’ ਪ੍ਰਕਿਰਿਆਵਾਂ ਨੂੰ ਲਾਗੂ ਕਰਨ ਦੀ ਤਿਆਰੀ ਅਤੇ ਪ੍ਰਭਾਵਸ਼ੀਲਤਾ ਨੂੰ ਯਕੀਨੀ ਬਣਾਉਣਾ ਹੈ। ਇਸ ਅਭਿਆਸ ਨੂੰ ਸਫਲ ਬਣਾਉਣ ਵਿੱਚ ਤੁਹਾਡਾ ਸਮਰਥਨ ਅਤੇ ਸਹਿਯੋਗ ਮਹੱਤਵਪੂਰਨ ਹੈ।” ਸ਼ਰਮਾ ਨੇ ਇੱਕ ਬਿਆਨ ਵਿੱਚ ਕਿਹਾ ਕਿ ‘ਬਲੈਕਆਊਟ’ ਇੱਕ ਨਿਯਮਤ ਤਿਆਰੀ ਅਭਿਆਸ ਦਾ ਹਿੱਸਾ ਸੀ। ਉਨ੍ਹਾਂ ਕਿਹਾ ਕਿ ਛਾਉਣੀ ਖੇਤਰ ਵਿੱਚ ਰਾਤ 9 ਵਜੇ ਤੋਂ 9.30 ਵਜੇ ਤੱਕ ਬਿਜਲੀ ਸਪਲਾਈ ਠੱਪ ਰਹੇਗੀ। ਸ਼ਰਮਾ ਨੇ ਕਿਹਾ, “ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਲੋੜ ਪੈਣ ‘ਤੇ ਜ਼ਰੂਰੀ ਕਾਰਵਾਈ ਕਰਨ ਲਈ ਤਿਆਰ ਹੈ।”
ਇਸ ਦੌਰਾਨ ਡਿਪਟੀ ਇੰਸਪੈਕਟਰ ਜਨਰਲ ਹਰਮਨਬੀਰ ਗਿੱਲ ਨੇ ਕਿਹਾ ਕਿ ਪੁਲਿਸ ਸਮਾਜ ਵਿਰੋਧੀ ਤੱਤਾਂ, ਜਾਣੇ-ਪਛਾਣੇ ਅਪਰਾਧੀਆਂ ਅਤੇ ਤਸਕਰਾਂ ‘ਤੇ ਤਿੱਖੀ ਨਜ਼ਰ ਰੱਖ ਰਹੀ ਹੈ। ਵਾਹਨਾਂ ਦੀ ਆਵਾਜਾਈ ‘ਤੇ ਨਜ਼ਰ ਰੱਖਣ ਲਈ ‘ਟੋਲ ਬੈਰੀਅਰਾਂ’ ‘ਤੇ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਸੋਸ਼ਲ ਮੀਡੀਆ ਗਤੀਵਿਧੀਆਂ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਸੀਮਾ ਸੁਰੱਖਿਆ ਬਲ (BSF) ਨੇ ਅੰਤਰਰਾਸ਼ਟਰੀ ਸਰਹੱਦ ‘ਤੇ ਗਸ਼ਤ ਵਧਾ ਦਿੱਤੀ ਹੈ ਜਦੋਂ ਕਿ ਪੰਜਾਬ ਪੁਲਿਸ ਨੇ ਸਾਵਧਾਨੀ ਦੇ ਉਪਾਅ ਵਜੋਂ ਸਾਰੀਆਂ ਰਣਨੀਤਕ ਥਾਵਾਂ ‘ਤੇ ਚੌਕੀਆਂ ਸਥਾਪਤ ਕੀਤੀਆਂ ਹਨ।