ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ ਪੰਜਾਬੀ ਨੌਜਵਾਨ ਵਿਦੇਸ਼ਾਂ ਵਿਚ ਚੰਗੇ ਭਵਿੱਖ ਦੀ ਆਸ ਲਏ ਜਾਂਦੇ ਹਨ ਪਰ ਕਈ ਵਾਰ ਉਨ੍ਹਾਂ ਦੇ ਸੁਪਨੇ ਪੂਰੇ ਨਹੀਂ ਹੁੰਦੇ ਤੇ ਪਰਿਵਾਰ ਨਾ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਥਾਣਾ ਕਿਲਾ ਲਾਲ ਸਿੰਘ ਅਧੀਨ ਆਉਂਦੇ ਪਿੰਡ ਮਿਰਜ਼ਾਜਾਨ ਤੋਂ ਸਾਹਮਣੇ ਆਇਆ ਹੈ। ਮਿਰਜ਼ਾਜਾਨ ਦੇ ਨੌਜਵਾਨ ਦੀ ਰਸ਼ੀਆ ਵਿੱਚ ਇੰਨਫੈਕਸ਼ਨ ਕਾਰਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਵਣ ਸਿੰਘ (34) ਪੁੱਤਰ ਰਤਨ ਸਿੰਘ ਵਾਸੀ ਮਿਰਜਾਜਾਨ ਜ਼ੋ ਕਿ ਕਰੀਬ ਛੇ ਮਹੀਨੇ ਪਹਿਲਾਂ ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਉੱਜਵਲ ਬਨਾਉਣ ਲਈ ਬਾਹਰ ਦੂਸਰੇ ਦੇਸ਼ ਮਾਸਕੋ ਰਸ਼ੀਆ ਗਿਆ ਸੀ ਤੇ ਉਥੇ ਪੂਰੀ ਮਿਹਨਤ ਕਰ ਰਿਹਾ ਸੀ। ਕਰੀਬ 20 ਦਿਨ ਪਹਿਲਾਂ ਉਹ ਅਚਾਨਕ ਬਿਮਾਰ ਹੋ ਗਿਆ ਤੇ ਹਸਪਤਾਲ ਦਾਖਲ ਹੋਣ ਤੇ ਪਤਾ ਲੱਗਾ ਕਿ ਉਸਨੂੰ ਇੰਨਫੈਕਸ਼ਨ ਹੋ ਗਈ ਹੈ ਤੇ 20 ਅਪ੍ਰੈਲ ਨੂੰ ਉਸ ਦੀ ਉਥੇ ਮੌਤ ਹੋ ਗਈ।