ਅੱਜ ਦੀ ਬਹੁਤ ਹੀ ਦੁੱਖ ਦਾਇਕ ਖ਼ਬਰ ਹੈ ਕਿ ਪੰਥ ਪ੍ਰਸਿੱਧ ਕਥਾ ਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਦੇ ਸਤਿਕਾਰਯੋਗ ਪਿਤਾ ਜੀ ਭਾਈ ਹਰਦਿਆਲ ਸਿੰਘ ਜੀ ਅੱਜ ਸ਼ਾਮ ਦੀਪਕ ਹਸਪਤਾਲ ਵਿਖੇ 4.30 ਦੇ ਕਰੀਬ ਸਦੀਵੀ ਵਿਛੋੜਾ ਦੇ ਗਏ ਹਨ। ਓਹ ਲਗਭਗ 86 ਸਾਲ ਦੇ ਸਨ। ਉਨ੍ਹਾਂ ਦੇ ਦੋ ਬੇਟੇ ਗਿਆਨੀ ਪਿੰਦਰਪਾਲ ਸਿੰਘ ਅਤੇ ਭਾਈ ਕਸ਼ਮੀਰ ਸਿੰਘ ਹਨ ਅਤੇ ਜਵੱਦੀ ਟਕਸਾਲ ਦੇ ਮੁਖੀ ਬਾਬਾ ਅਮੀਰ ਸਿੰਘ ਉਨ੍ਹਾਂ ਦੇ ਭਤੀਜੇ ਲੱਗਦੇ ਹਨ। ਗਿਆਨੀ ਪਿੰਦਰਪਾਲ ਸਿੰਘ ਜੀ ਕਿਉਂਕਿ ਵਿਦੇਸ਼ ਵਿੱਚ ਗਏ ਹੋਏ ਹਨ ਜਿਸ ਕਰਕੇ ਉਨ੍ਹਾਂ ਦਾ ਸਸਕਾਰ ਗਿਆਨੀ ਜੀ ਦੇ 26 ਤਰੀਕ ਨੂੰ ਵਾਪਸ ਪਰਤਣ ਤੇ ਕੀਤਾ ਜਾਵੇਗਾ।
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਈ ਪਿੰਦਰਪਾਲ ਸਿੰਘ ਦੇ ਪਿਤਾ ਦੇ ਅਕਾਲ ਚਲਾਣੇ ’ਤੇ ਸੰਵੇਦਨਾ ਪ੍ਰਗਟਾਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਕੌਮ ਦੇ ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਦੇ ਪਿਤਾ ਹਰਦਿਆਲ ਸਿੰਘ ਦੇ ਅਕਾਲ ਚਲਾਣੇ ’ਤੇ ਗਹਿਰੀ ਸੰਵੇਦਨਾ ਪ੍ਰਗਟ ਕੀਤੀ ਹੈ।
ਐਡਵੋਕੇਟ ਧਾਮੀ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਆਖਿਆ ਕਿ ਹਰਦਿਆਲ ਸਿੰਘ ਜੀ ਇੱਕ ਨਿਮਰ, ਗੁਰਸਿੱਖੀ ਜੀਵਨ ਵਾਲੇ ਅਤੇ ਉੱਚ ਆਦਰਸ਼ਾਂ ਵਾਲੇ ਵਿਅਕਤੀ ਸਨ। ਉਨ੍ਹਾਂ ਦੀ ਦੂਰਅੰਦੇਸ਼ੀ ਅਤੇ ਸਿੱਖੀ ਪ੍ਰਤੀ ਸਮਰਪਣ ਭਾਵਨਾ ਦਾ ਹੀ ਨਤੀਜਾ ਹੈ ਕਿ ਅੱਜ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਸਿੱਖ ਸੰਗਤਾਂ ਨੂੰ ਗੁਰਬਾਣੀ ਦੀ ਸਮਝ ਅਤੇ ਸਿੱਖ ਇਤਿਹਾਸ ਦੀ ਪ੍ਰੇਰਨਾ ਨਾਲ ਜੋੜ ਰਹੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅਜਿਹੇ ਪਿਤਾ ਪ੍ਰਤੀ ਕੌਮ ਵੱਲੋਂ ਸਤਿਕਾਰ ਇੱਕ ਆਮ ਵਰਤਾਰਾ ਨਹੀ ਸਗੋਂ ਗਹਿਰੀ ਹਮਦਰਦੀ ਤੇ ਅਪਣੱਤ ਦਾ ਪ੍ਰਗਟਾਵਾ ਹੈ। ਐਡਵੋਕੇਟ ਧਾਮੀ ਨੇ ਇਸ ਦੁਖਦਾਈ ਮੌਕੇ ਉਤੇ ਭਾਈ ਪਿੰਦਰਪਾਲ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਣ।