ਬਿਲਾਵਲੁ ਮਹਲਾ ੫ ॥ ਮਾਤ ਪਿਤਾ ਸੁਤ ਸਾਥਿ ਨ ਮਾਇਆ ॥ ਸਾਧਸੰਗਿ ਸਭੁ ਦੂਖੁ ਮਿਟਾਇਆ ॥੧॥ ਰਵਿ ਰਹਿਆ ਪ੍ਰਭੁ ਸਭ ਮਹਿ ਆਪੇ ॥ ਹਰਿ ਜਪੁ ਰਸਨਾ ਦੁਖੁ ਨ ਵਿਆਪੇ ॥੧॥ ਰਹਾਉ ॥ ਤਿਖਾ ਭੂਖ ਬਹੁ ਤਪਤਿ ਵਿਆਪਿਆ ॥ ਸੀਤਲ ਭਏ ਹਰਿ ਹਰਿ ਜਸੁ ਜਾਪਿਆ ॥੨॥
ਹੇ ਭਾਈ! ਮਾਂ, ਪਿਉ, ਪੁੱਤਰ, ਮਾਇਆ-(ਇਹਨਾਂ ਵਿਚੋਂ ਕੋਈ ਭੀ ਜੀਵ ਦਾ ਸਦਾ ਲਈ) ਸਾਥੀ ਨਹੀਂ ਬਣ ਸਕਦਾ, (ਦੁੱਖ ਵਾਪਰਨ ਤੇ ਭੀ ਸਹਾਈ ਨਹੀਂ ਬਣ ਸਕਦਾ)। ਗੁਰੂ ਦੀ ਸੰਗਤਿ ਵਿਚ ਟਿਕਿਆਂ ਸਾਰਾ ਦੁੱਖ-ਕਲੇਸ਼ ਦੂਰ ਕਰ ਸਕੀਦਾ ਹੈ ॥੧॥ ਹੇ ਭਾਈ! (ਜੇਹੜਾ) ਪਰਮਾਤਮਾ ਆਪ ਹੀ ਸਭ ਜੀਵਾਂ ਵਿਚ ਵਿਆਪਕ ਹੈ, ਉਸ (ਦੇ ਨਾਮ) ਦਾ ਜਾਪ ਜੀਭ ਨਾਲ ਕਰਦਾ ਰਹੁ (ਇਸ ਤਰ੍ਹਾਂ) ਕੋਈ ਦੁੱਖ ਜ਼ੋਰ ਨਹੀਂ ਪਾ ਸਕਦਾ ॥੧॥ ਰਹਾਉ॥ ਹੇ ਭਾਈ! ਜਗਤ ਮਾਇਆ ਦੀ ਤ੍ਰਿਸ਼ਨਾ, ਮਾਇਆ ਦੀ ਭੁੱਖ ਤੇ ਸੜਨ ਵਿਚ ਫਸਿਆ ਪਿਆ ਹੈ। ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਹਨ, (ਉਹਨਾਂ ਦੇ ਹਿਰਦੇ) ਠੰਢੇ-ਠਾਰ ਹੋ ਜਾਂਦੇ ਹਨ ॥੨॥