ਭਾਰਤੀ ਮੂਲ ਦੇ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ 9 ਮਹੀਨਿਆਂ ਬਾਅਦ ਅੱਜ ਬੁੱਧਵਾਰ ਨੂੰ ਧਰਤੀ ‘ਤੇ ਵਾਪਸ ਆ ਗਏ ਹਨ। ਸਾਰੇ ਪੁਲਾੜ ਯਾਤਰੀਆਂ ਨੇ ਧਰਤੀ ‘ਤੇ ਸਫਲਤਾਪੂਰਵਕ ਲੈਂਡਿੰਗ ਕੀਤੀ ਹੈ। ਪੂਰੀ ਟੀਮ ਦੀ ਡਾਕਟਰੀ ਜਾਂਚ ਕੀਤੀ ਜਾ ਰਹੀ ਹੈ। NASA ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਪੂਰੇ ਮਿਸ਼ਨ ਨੂੰ ਸਫਲ ਐਲਾਨਿਆ ਹੈ। NASA ਨੇ ਕਿਹਾ ਕਿ ਸਭ ਕੁਝ ਯੋਜਨਾ ਅਨੁਸਾਰ ਹੋਇਆ ਅਤੇ ਸਾਰੇ ਪੁਲਾੜ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਸੁਨੀਤਾ ਵਿਲੀਅਮਜ਼ ਨੇ ਪੁਲਾੜ ਵਿੱਚ ਕੁੱਲ 606 ਦਿਨ ਬਿਤਾਏ ਹਨ। ਇਸ ਦੇ ਨਾਲ ਸੁਨੀਤਾ ਵਿਲੀਅਮਜ਼ ਪੁਲਾੜ ਵਿੱਚ ਸਭ ਤੋਂ ਵੱਧ ਸਮਾਂ ਬਿਤਾਉਣ ਵਾਲੇ ਪੁਲਾੜ ਯਾਤਰੀਆਂ ਵਿੱਚ ਦੂਜੇ ਸਥਾਨ ‘ਤੇ ਪਹੁੰਚ ਗਈ ਹੈ। ਇਸ ਮਿਸ਼ਨ ਵਿੱਚ ਹੀ ਸੁਨੀਤਾ ਵਿਲੀਅਮਜ਼ ਨੇ ਪੁਲਾੜ ਵਿੱਚ ਲਗਾਤਾਰ 286 ਦਿਨ ਬਿਤਾ ਕੇ ਇਤਿਹਾਸ ਰਚ ਦਿੱਤਾ। ਸੁਨੀਤਾ ਵਿਲੀਅਮਜ਼ ਨੇ ਚਾਰ ਵਾਰ ਸਪੇਸਵਾਕ ਕੀਤੀ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਜਦੋਂ ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਪੂਰੀ ਤਰ੍ਹਾਂ ਠੀਕ ਹੋ ਜਾਣਗੇ, ਤਾਂ ਉਹ ਓਵਲ ਆਫਿਸ ਵਿੱਚ ਉਨ੍ਹਾਂ ਦੋਵਾਂ ਨੂੰ ਮਿਲਣਗੇ। ਸੁਨੀਤਾ ਵਿਲੀਅਮਜ਼ ਦੀ ਧਰਤੀ ‘ਤੇ ਸੁਰੱਖਿਅਤ ਵਾਪਸੀ ‘ਤੇ ਭਾਰਤ ਵਿੱਚ ਸੁਨੀਤਾ ਦੇ ਪਰਿਵਾਰਕ ਮੈਂਬਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ।