ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਲਗਭਗ 9 ਮਹੀਨਿਆਂ ਬਾਅਦ ਧਰਤੀ ‘ਤੇ ਪਰਤ ਰਹੀ ਹੈ। ਉਹ ਧਰਤੀ ‘ਤੇ ਵਾਪਸ ਜਾਣ ਲਈ ਰਵਾਨਾ ਹੋ ਗਈ ਹੈ। ਜਦੋਂ ਉਹ ਪੁਲਾੜ ਵਿਚ ਇੰਨਾ ਸਮਾਂ ਬਿਤਾਉਣ ਤੋਂ ਬਾਅਦ ਵਾਪਸ ਪਰਤੇਗੀ ਤਾਂ ਪੂਰੀ ਦੁਨੀਆ ਉਸ ਦੇ ਅਨੁਭਵਾਂ ਨੂੰ ਜਾਣਨਾ ਚਾਹੇਗੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਨੀਤਾ ਵਿਲੀਅਮਜ਼ ਨੂੰ ਪੱਤਰ ਲਿਖ ਕੇ ਭਾਰਤ ਆਉਣ ਦਾ ਸੱਦਾ ਵੀ ਦਿੱਤਾ ਹੈ।
ਕਈ ਮਹੀਨਿਆਂ ਤੱਕ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਰਹੀ ਸੁਨੀਤਾ ਵਿਲੀਅਮਜ਼ ਨੂੰ ਲਿਖੇ ਪੱਤਰ ‘ਚ ਪੀਐੱਮ ਮੋਦੀ ਨੇ ਕਿਹਾ ਕਿ ਸਾਨੂੰ ਤੁਹਾਡੇ ਅਤੇ ਤੁਹਾਡੇ ਕੰਮ ‘ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਜਦੋਂ ਮੈਂ ਅਮਰੀਕਾ ਦੌਰੇ ‘ਤੇ ਗਿਆ ਸੀ ਤਾਂ ਮੈਂ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਤੁਹਾਡੀ ਸਿਹਤ ਬਾਰੇ ਪੁੱਛਿਆ ਸੀ। ਪੀਐਮ ਮੋਦੀ ਨੇ ਲਿਖਿਆ ਕਿ 1 ਅਰਬ 40 ਕਰੋੜ ਭਾਰਤੀਆਂ ਨੂੰ ਤੁਹਾਡੀਆਂ ਉਪਲਬਧੀਆਂ ‘ਤੇ ਮਾਣ ਹੈ।
ਪੀਐਮ ਮੋਦੀ ਨੇ ਆਪਣੇ ਪੱਤਰ ਵਿੱਚ ਲਿਖਿਆ, ‘ਭਾਵੇਂ ਤੁਸੀਂ ਧਰਤੀ ਤੋਂ ਹਜ਼ਾਰਾਂ ਮੀਲ ਦੂਰ ਹੋ, ਤੁਸੀਂ ਹਮੇਸ਼ਾ ਸਾਡੇ ਦਿਲਾਂ ਦੇ ਨੇੜੇ ਰਹੇ ਹੋ। ਭਾਰਤ ਦੇ ਲੋਕ ਤੁਹਾਡੀ ਚੰਗੀ ਸਿਹਤ ਅਤੇ ਤੁਹਾਡੇ ਮਿਸ਼ਨ ਵਿੱਚ ਸਫਲਤਾ ਦੀ ਕਾਮਨਾ ਕਰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਨੀਤਾ ਵਿਲੀਅਮਸ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਹਰ ਭਾਰਤੀ ਚਾਹੁੰਦਾ ਹੈ ਕਿ ਉਸ ਦੀ ਸਫਲ ਬੇਟੀ ਇੱਥੇ ਆਵੇ। ਸਾਨੂੰ ਤੁਹਾਡੀ ਮੇਜ਼ਬਾਨੀ ਕਰਕੇ ਬਹੁਤ ਖੁਸ਼ੀ ਹੋਵੇਗੀ।
ਸੁਨੀਤਾ ਵਿਲੀਅਮਜ਼ ਦੇ ਨਾਲ, ਬੈਰੀ ਵਿਲਮੋਰ ਵੀ ਪੁਲਾੜ ਵਿੱਚ ਹੈ। ਉਹ ਵੀ ਵਾਪਸ ਪਰਤ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਸ ਦੀ ਵੀ ਚੰਗੀ ਸਿਹਤ ਅਤੇ ਸਫਲਤਾ ਦੀ ਕਾਮਨਾ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਪੱਤਰ 1 ਮਾਰਚ ਨੂੰ ਲਿਖਿਆ ਸੀ, ਜਿਸ ਨੂੰ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਮੰਗਲਵਾਰ ਨੂੰ ਟਵਿੱਟਰ ‘ਤੇ ਸਾਂਝਾ ਕੀਤਾ।