ਪੰਜਾਬ ਸਟੇਟ ਫੂਡ ਕਮਿਸ਼ਨ ਦੀ ਟੀਮ ਵੱਲੋਂ ਪਿਛਲੇ ਦਿਨੀਂ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਮਿਲਣ ਵਾਲੇ ਮਿਡ-ਡੇ-ਮੀਲ ਵਿਚ ਕਈ ਕਮੀਆਂ ਦੇਖਣ ਨੂੰ ਮਿਲੀਆਂ। ਇਸੇ ਕਰਕੇ ਕਮਿਸ਼ਨ ਨੇ ਸੂਬੇ ਦੇ ਸਕੂਲਾਂ ਵਿਚ ਮਿਡ ਡੇ ਮੀਲ ਦੀ ਗੁਣਵੱਤਾ ਨੂੰ ਬੇਹਤਰ ਬਣਾਉਣ ਲਈ ਸਖਤ ਕਦਮ ਚੁੱਕੇ ਹਨ।
ਕਮਿਸ਼ਨ ਨੇ ਸਿੱਖਿਆ ਵਿਭਾਗ ਨੂੰ ਮਿਡ-ਡੇ-ਮੀਲ ਨੂੰ ਸਵੱਛ, ਪੌਸ਼ਟਿਕ ਤੇ ਸੁਰੱਖਿਅਤ ਬਣਾਉਣ ਲਈ ਸਖਤ ਨਿਰਦੇਸ਼ ਜਾਰੀ ਕੀਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਸਕੂਲਾਂ ਵਿਚ ਮਿਡ-ਡੇ ਮੀਲ ਯੋਜਨਾ ਦੀ ਜਾਂਚ ਦੌਰਾਨ ਕਮੀਆਂ ਪਾਈਆਂ ਗਈਆਂ ਜਿਸ ਦੇ ਬਾਅਦ ਇਹ ਫੈਸਲਾ ਲਿਆ ਗਿਆ। ਕਮਿਸ਼ਨ ਨੇ ਸਾਰੇ ਸਕੂਲ ਮੁਖੀਆਂ ਨੂੰ ਇਨ੍ਹਾਂ ਨਿਰਦੇਸ਼ਾਂ ਨੂੰ ਤੁਰੰਤ ਲਾਗੂ ਕਰਨ ਲਈ ਕਿਹਾ। ਅਧਿਕਾਰੀਆਂ ਨੇ ਦੱਸਿਆ ਕਿ ਉਹ ਰੈਗੂਲਰ ਸਕੂਲਾਂ ਦਾ ਦੌਰਾ ਕਰਕੇ ਇਨ੍ਹਾਂ ਨਿਰਦੇਸ਼ਾਂ ਦੇ ਪਾਲਣ ਨੂੰ ਨਿਸ਼ਚਿਤ ਕਰਨਗੇ। ਇਸ ਕਦਮ ਦਾ ਉਦੇਸ਼ ਬੱਚਿਆਂ ਨੂੰ ਸੁਰੱਖਿਅਤ ਤੇ ਪੌਸ਼ਟਿਕ ਭੋਜਨ ਉਪਲਬਧ ਕਰਾਉਣਾ ਹੈ ਜਿਸ ਨਾਲ ਉਨ੍ਹਾਂ ਦੀ ਸਿਹਤ ਤੇ ਸਿੱਖਿਆ ‘ਤੇ ਸਹੀ ਅਸਰ ਪਵੇ।
ਜਾਰੀ ਹੋਏ ਨਿਰਦੇਸ਼ਾਂ ਮੁਤਾਬਕ ਕੁੱਕ ਨੂੰ ਸਾਫ ਕੱਪੜੇ ਪਹਿਣਨੇ ਹੋਣਗੇ, ਸਿਰ ਢੱਕਣਾ ਹੋਵੇਗਾ ਤੇ ਹੱਥ ਚੰਗੀ ਤਰ੍ਹਾਂ ਧੋਣੇ ਹੋਣਗੇ। ਖਾਣਾ ਬਣਾਉਣ ਵਾਲੇ ਸਟਾਫ ਦੇ ਨਹੁੰ ਚੰਗੀ ਤਰ੍ਹਾਂ ਕੱਟੇ ਹੋਏ ਤੇ ਸਾਫ ਹੋਣੇ ਚਾਹੀਦੇ ਹਨ। ਸਮੇਂ-ਸਮੇਂ ‘ਤੇ ਸਟਾਫ ਦਾ ਮੈਡੀਕਲ ਚੈਕਅੱਪ ਕਰਾਉਣਾ ਜ਼ਰੂਰੀ ਹੋਵੇਗਾ। ਅੱਗ ਲਗਾਉਣ ਲਈ ਪਲਾਸਟਿਕ ਦੀਆਂ ਥੈਲੀਆਂ ਦੇ ਇਸਤੇਮਾਲ ‘ਤੇ ਪ੍ਰਤੀਬੰਧ ਹੋਵੇਗਾ। ਕਮਿਸ਼ਨ ਦੇ ਹੈਲਪਲਾਈਨ ਨੰਬਰ ਤੇ ਵੈੱਬਸਾਈਟ ਦੀ ਜਾਣਕਾਰੀ ਵਾਲੇ ਬੈਨਰ ਲਗਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।