Sunday, March 9, 2025
spot_img

ਹਰਜੋਤ ਸਿੰਘ ਬੈਂਸ ਵੱਲੋਂ 161 ਸਰਕਾਰੀ ਸਕੂਲਾਂ ਦਾ “ਬੈਸਟ ਸਕੂਲ ਐਵਾਰਡ” ਨਾਲ ਸਨਮਾਨ

Must read

Harjot Singh Bains honours 161 government schools : ਚੰਡੀਗੜ੍ਹ: ਸੂਬੇ ਦੇ ਸਰਕਾਰੀ ਸਕੂਲਾਂ ਦੇ ਪ੍ਰਦਰਸ਼ਨ ਨੂੰ ਹੋਰ ਬਿਹਤਰ ਕਰਨ ਅਤੇ ਮੁਕਾਬਲੇ ਦਾ ਹੁਨਰ ਪੈਦਾ ਕਰਨ ਲਈ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਕੁੱਲ 11 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ 161 ਸਰਕਾਰੀ ਸਕੂਲਾਂ ਨੂੰ “ਬੈਸਟ ਸਕੂਲ ਐਵਾਰਡ” ਨਾਲ ਸਨਮਾਨਿਤ ਕੀਤਾ। ਇੱਥੇ ਐਮ.ਸੀ. ਭਵਨ ਵਿਖੇ ਪੁਰਸਕਾਰ ਵੰਡ ਸਮਾਰੋਹ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸੈਸ਼ਨ 2023-24 ਲਈ 92 ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਅਤੇ ਸੈਸ਼ਨ 2024-25 ਲਈ 69 ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰੇਕ ਪ੍ਰਾਇਮਰੀ ਸਕੂਲ ਨੂੰ 2.5 ਲੱਖ ਰੁਪਏ, ਹਰੇਕ ਮਿਡਲ ਸਕੂਲ ਨੂੰ 5 ਲੱਖ ਰੁਪਏ, ਹਰੇਕ ਹਾਈ ਸਕੂਲ ਨੂੰ 7.5 ਲੱਖ ਰੁਪਏ ਅਤੇ ਹਰੇਕ ਸੀਨੀਅਰ ਸੈਕੰਡਰੀ ਸਕੂਲਾਂ ਨੂੰ 10 ਲੱਖ ਰੁਪਏ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਕੂਲਾਂ ਦੀ ਚੋਣ ਨਿਰੋਲ ਮੈਰਿਟ ਦੇ ਆਧਾਰ ‘ਤੇ ਕੀਤੀ ਗਈ ਹੈ, ਜੋ ਸਖ਼ਤ ਮਾਪਦੰਡਾਂ ਜਿਵੇਂ ਵਿਦਿਆਰਥੀਆਂ ਦੀ ਕਾਰਗੁਜ਼ਾਰੀ, ਹਾਜ਼ਰੀ, ਕਮਿਊਨਿਟੀ ਭਾਗੀਦਾਰੀ ਅਤੇ ਸਕੂਲਾਂ ਦੇ ਬੁਨਿਆਦੀ ਢਾਂਚੇ ‘ਤੇ ਕੇਂਦ੍ਰਿਤ ਹੈ।

ਸਾਰੇ ਪੁਰਸਕਾਰ ਜੇਤੂ ਸਕੂਲਾਂ ਨੂੰ ਦਿਲੋਂ ਵਧਾਈ ਦਿੰਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਸਕੂਲ ਸਿੱਖਿਆ ਦੇ ਖੇਤਰ ਵਿੱਚ ਉੱਤਮਤਾ ਹਾਸਲ ਕਰਨ ਲਈ ਹੋਰਨਾਂ ਸਕੂਲਾਂ ਵਾਸਤੇ ਰੋਲ ਮਾਡਲ ਸਾਬਤ ਹੋਣਗੇ। ਉਨ੍ਹਾਂ ਸਕੂਲ ਮੁਖੀਆਂ ਨੂੰ ‘ਆਪ’ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੁਆਰਾ ਲਿਆਂਦੀ ਗਈ ਵਿਦਿਅਕ ਕ੍ਰਾਂਤੀ ਵਿੱਚ ਤਬਦੀਲੀ ਦੇ ਉਤਪ੍ਰੇਰਕ ਵਜੋਂ ਕੰਮ ਕਰਨ ਲਈ ਵੀ ਕਿਹਾ। ਉਨ੍ਹਾਂ ਪੁਰਸਕਾਰ ਜੇਤੂ ਸਕੂਲਾਂ ਦੇ ਮੁਖੀਆਂ ਅਤੇ ਸਮੁੱਚੇ ਸਕੂਲ ਸਟਾਫ਼ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਆਪਣੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ। ਸਿੱਖਿਆ ਮੰਤਰੀ ਨੇ ਦੱਸਿਆ ਕਿ ਸਰਕਾਰ ਆਗਾਮੀ ਸੈਸ਼ਨ ਤੋਂ ਸੂਬਾ ਪੱਧਰੀ ਸਰਬੋਤਮ ਸਕੂਲ ਪੁਰਸਕਾਰ ਸ਼ੁਰੂ ਕਰਨ ‘ਤੇ ਵੀ ਵਿਚਾਰ ਕਰ ਰਹੀ ਹੈ।

ਸਕੂਲਾਂ ਦੀ ਨੁਹਾਰ ਬਦਲਣ ਵਿੱਚ ਸਕੂਲ ਮੁਖੀਆਂ ਦੀ ਭੂਮਿਕਾ ‘ਤੇ ਜ਼ੋਰ ਦਿੰਦਿਆਂ ਬੈਂਸ ਨੇ ਪੁਰਸਕਾਰ ਜੇਤੂ ਸਕੂਲ ਮੁਖੀਆਂ ਨੂੰ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਵਧੀਆ ਗੁਣਵੱਤਾ ਵਾਲੀ ਸਿੱਖਿਆ ਅਤੇ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਕੀਤੀਆਂ ਗਈਆਂ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਦਿਆਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਦਾਖ਼ਲੇ ਨੂੰ ਵਧਾਉਣ ਵੱਲ ਧਿਆਨ ਦੇਣ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਅਧਿਆਪਕਾਂ ਨੂੰ ਨਵੀਨਤਮ ਅਧਿਆਪਨ ਵਿਧੀਆਂ ਨਾਲ ਲੈਸ ਕਰਨ ਲਈ ਯੂਨੀਵਰਸਿਟੀ ਆਫ਼ ਤੁਰਕੂ (ਫਿਨਲੈਂਡ) ਵਰਗੀਆਂ ਵੱਕਾਰੀ ਸੰਸਥਾਵਾਂ ਵਿੱਚ ਸਿਖਲਾਈ ਲਈ ਭੇਜ ਕੇ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਵਿਸ਼ਵ ਪੱਧਰੀ ਸਿੱਖਿਆ ਦੇਣਾ ਯਕੀਨੀ ਬਣਾਇਆ ਜਾ ਰਿਹਾ ਹੈ। ਬੈਂਸ ਨੇ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀਮਤੀ ਅਨਿੰਦਿਤਾ ਮਿਤਰਾ ਅਤੇ ਸਾਰੀਆਂ ਮਹਿਲਾ ਅਧਿਆਪਕਾਂ ਤੇ ਸਟਾਫ਼ ਨੂੰ ਮਹਿਲਾ ਦਿਵਸ ਦੀ ਪੂਰਵ ਸੰਧਿਆ ‘ਤੇ ਵਧਾਈ ਵੀ ਦਿੱਤੀ। ਪੰਜਾਬ ਸਰਕਾਰ ਵੱਲੋਂ ਮਹਿਲਾ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੇ ਵੱਡੀ ਗਿਣਤੀ ਸਕੂਲ ਮਹਿਲਾ ਪ੍ਰਿੰਸੀਪਲਾਂ ਦੁਆਰਾ ਚਲਾਏ ਜਾ ਰਹੇ ਹਨ।

ਇਸ ਦੌਰਾਨ ਪ੍ਰਸਿੱਧ ਆਗੂ ਨੈਲਸਨ ਮੰਡੇਲਾ ਦੇ ਵਾਕ, “ਸਿੱਖਿਆ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ ਜਿਸ ਦੀ ਵਰਤੋਂ ਵਿਸ਼ਵ ਤਬਦੀਲੀ ਲਈ ਕੀਤੀ ਜਾ ਸਕਦੀ ਹੈ” ਦਾ ਹਵਾਲਾ ਦਿੰਦਿਆਂ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਅਧਿਆਪਕਾਂ ਨੂੰ ਇੱਕ ਪ੍ਰਗਤੀਸ਼ੀਲ ਸਮਾਜ ਦੀ ਸਿਰਜਣਾ ਲਈ ਬਦਲਾਅ ਲਿਆਉਣ ਵਾਲੇ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਪੁਰਸਕਾਰ ਜੇਤੂ ਸਕੂਲਾਂ ਦੇ ਮੁਖੀਆਂ ਅਤੇ ਸਟਾਫ਼ ਨੂੰ ਆਪਣੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਸਮਾਗਮ ਦੌਰਾਨ ਸਕੂਲ ਸਿੱਖਿਆ ਵਿਭਾਗ ਦੇ ਵਿਸ਼ੇਸ਼ ਸਕੱਤਰ ਰਾਜੇਸ਼ ਧੀਮਾਨ, ਪੰਜਾਬ ਵਿਕਾਸ ਕਮਿਸ਼ਨ ਦੇ ਮੈਂਬਰ ਅਨੁਰਾਗ ਕੁੰਡੂ, ਸਕੂਲ ਸਿੱਖਿਆ (ਸੈਕੰਡਰੀ) ਦੇ ਡਾਇਰੈਕਟਰ ਪਰਮਜੀਤ ਸਿੰਘ ਵੀ ਮੌਜੂਦ ਸਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article