ਮੋਹਾਲੀ ਵਿੱਚ ਪੁਲਿਸ ਵੱਲੋਂ ਇੱਕ ਨਕਲੀ IAS ਅਫ਼ਸਰ ਬਣ ਕੇ ਲੋਕਾਂ ਨੂੰ ਧਮਕਾਉਣ ਵਾਲਾ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਇੱਕ ਅਸਲੀ ਅਫਸਰ ਵਾਂਗ ਪੂਰੇ ਇਲਾਕੇ ਵਿੱਚ ਘੁੰਮਦਾ ਸੀ ਅਤੇ ਲੋਕਾਂ ‘ਤੇ ਆਪਣਾ ਰੋਹਬ ਪਾ ਕੇ ਉਹਨਾਂ ਨੂੰ ਡਰਾਉਂਦਾ ਧਮਕਾਉਂਦਾ ਸੀ। ਇਸ ਨਕਲੀ ਬਣੇ IAS ਨੇ ਆਪਣੀ ਕਾਰ ‘ਤੇ ਬਕਾਇਦਾ “ਭਾਰਤ ਸਰਕਾਰ” ਦਾ ਸਟਿੱਕਰ ਲਾ ਕੇ ਰੱਖਿਆ ਹੋਇਆ ਸੀ ਅਤੇ ਦੋਸ਼ੀ ਲੋਕਾਂ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਉਨ੍ਹਾਂ ਨਾਲ ਠੱਗੀ ਮਾਰਦਾ ਸੀ।
ਵਿਅਕਤੀ ਦੀ ਪਹਿਚਾਣ ਪਵਨ ਕੁਮਾਰ ਵਾਸੀ ਰਾਜਸਥਾਨ ਵਜੋਂ ਹੋਈ ਹੈ। ਇਸ ਸਬੰਧੀ ਮੁਹਾਲੀ ਥਾਣਾ ਫੇਜ਼-1 ਦੀ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਪਤਾ ਲੱਗਾ ਹੈ ਕਿ ਉਹ ਦੋ ਵਿਅਕਤੀਆਂ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਮੋਹਾਲੀ ਲੈ ਕੇ ਆਇਆ ਸੀ। ਪੁਲਿਸ ਵੱਲੋਂ ਜਾਂਚ ਕਰਕੇ ਪਤਾ ਲਗਾਇਆ ਗਿਆ ਕਿ ਦੋਸ਼ੀ ਬਾਹਰਲੇ ਰਾਜਾਂ ਤੋਂ ਲੋਕਾਂ ਨੂੰ ਨੌਕਰੀ ਦੇ ਬਹਾਨੇ ਮੋਹਾਲੀ ਲਿਆਉਂਦਾ ਸੀ ਅਤੇ ਮਹਿੰਗੇ ਹੋਟਲਾਂ ਵਿੱਚ ਠਹਿਰਦਾ ਸੀ।
ਮਿਲੀ ਜਾਣਕਾਰੀ ਮੁਤਾਬਿਕ ਮੋਹਾਲੀ ਵਿੱਚ ਉਹ ਕੁਝ ਲੋਕਾਂ ਨੂੰ ਉਸ ਹੋਟਲ ‘ਚ ਲੈ ਕੇ ਆਇਆ ਸੀ ਜਿੱਥੇ ਉਹ ਠਹਿਰਿਆ ਹੋਇਆ ਸੀ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਨਾਲ ਬਹਿਸ ਹੋ ਗਈ। ਹੋਟਲ ਸਟਾਫ ਨੂੰ ਉਸ ‘ਤੇ ਸ਼ੱਕ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਉਸ ਨੂੰ ਹਿਰਾਸਤ ‘ਚ ਲੈ ਲਿਆ।