ਸੂਬੇ ‘ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਸ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਹੈ। ਮਾਨ ਸਰਕਾਰ ਵੱਲੋਂ ਸੂਬੇ ‘ਚ ਬੁਲਡੋਜ਼ਰ ਐਕਸ਼ਨ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤਹਿਤ ਲੁਧਿਆਣਾ ਦੇ ਲਾਡੋਵਾਲ ਤੇ ਦੁਗਰੀ ਇਲਾਕੇ ਵਿੱਚ ਨਸ਼ਾ ਤਸਕਰਾਂ ਦੇ ਘਰਾਂ ਉੱਪਰ ਪੁਲਿਸ ਦਾ ਪੀਲਾ ਪੰਜਾ ਚੱਲਣ ਤੋਂ ਬਾਅਦ ਹੁਣ ਥਾਣਾ ਮੋਤੀ ਨਗਰ ਅਧੀਨ ਨਸ਼ਾ ਸਮੱਗਲਰ ਔਰਤ ਬਿਮਲਾ ਦੇਵੀ ਪਤਨੀ ਸਵਰਗੀ ਗੁਰਦਿਆਲ ਸਿੰਘ ਬਾਸੀ ਨਿਊ ਹਰੀ ਕ੍ਰਿਸ਼ਨਾ ਕਲੋਨੀ ਇੰਦਰਾ ਮਾਰਕੀਟ ਟਰਾਂਸਪੋਰਟ ਨਗਰ ਲੁਧਿਆਣਾ ਵੱਲੋਂ ਬਣਾਈ ਗਈ ਅਧਿਕਾਰਤ ਬਿਲਡਿੰਗ ਉਤੇ ਸਿਵਲ ਪ੍ਰਸ਼ਾਸਨ ਦੀ ਮਦਦ ਨਾਲ ਪੀਲਾ ਪੰਜਾ ਚੱਲਿਆ ਤੇ ਬਿਲਡਿੰਗ ਢੇਹ ਢੇਰੀ ਕਰ ਦਿੱਤੀ।
ਦੱਸਣਯੋਗ ਹੈ ਕਿ ਸਮੱਗਲਰ ਔਰਤ ਖਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਤਿੰਨ ਐਨਡੀਪੀਐਸ ਐਕਟ ਦੇ ਮਾਮਲੇ ਦਰਜ ਹਨ। ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਨਸ਼ਾ ਸਮੱਗਲਰ ਖਿਲਾਫ ਉਨ੍ਹਾਂ ਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ।
ਦੱਸ ਦਈਏ ਕਿ ਬੀਤੇ ਦਿਨ ਲੁਧਿਆਣਾ ਦੇ ਥਾਣਾ ਲਾਡੋਵਾਲ ਦੇ ਅਧੀਨ ਆਉਂਦੇ ਪਿੰਡ ਤਲਵੰਡੀ ਕਲਾਂ ਦੇ ਨਸ਼ਾ ਤਸਕਰਾਂ ‘ਤੇ ਪੰਜਾਬ ਸਰਕਾਰ ਨੇ ਇਕ ਵੱਡਾ ਐਕਸ਼ਨ ਲੈਂਦਿਆਂ ਨਸ਼ਾ ਤਸਕਰ ਦੇ ਘਰ ‘ਤੇ ਬੁਲਡੋਜ਼ਰ ਚਲਾ ਕੇ ਉਸ ਦਾ ਮਕਾਨ ਤੋੜ ਦਿੱਤਾ ਗਿਆ ਸੀ।
ਇਸ ਮਾਮਲੇ ਤਹਿਤ ਥਾਣਾ ਮੁਖੀ ਗੁਰਸ਼ਿੰਦਰ ਕੌਰ ਨੇ ਦੱਸਿਆ ਸੀ ਕਿ ਪੰਜਾਬ ਸਰਕਾਰ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ ਜੋ ਵੀ ਵਿਅਕਤੀ ਨਸ਼ੇ ਦਾ ਕਾਰੋਬਾਰ ਕਰ ਰਿਹਾ ਹੈ, ਉਸ ਦੇ ਖ਼ਿਲਾਫ਼ ਸ਼ਖ਼ਸ ਨੇ ਸਖ਼ਤ ਕਾਰਵਾਈ ਕੀਤੀ ਜਾਵੇ। ਜਿਸ ਤਹਿਤ ਪਿੰਡ ਤਲਵੰਡੀ ਕਲਾਂ ਦੇ ਇਕ ਨਸ਼ਾ ਤਸਕਰ ਸੋਨੂੰ ਦੇ ਘਰ ‘ਤੇ ਬੁਲਡੋਜ਼ਰ ਚਲਾ ਕੇ ਉਸ ਦਾ ਮਕਾਨ ਢਹਿ-ਢੇਰੀ ਕਰ ਦਿੱਤਾ ਗਿਆ ਸੀ। ਲੁਧਿਾਣਾ ਵਿੱਚ ਬਿਮਲਾ ਦੇਵੀ ਦੇ ਘਰ ‘ਤੇ ਬੁਲਡੋਜ਼ਰ ਚਲਾ ਕੇ ਘਰ ਨੂੰ ਢਹਿ ਢੇਰੀ ਕਰਨ ਦਾ ਦੂਜਾ ਮਾਮਲਾ ਹੈ।